ਬਿਜਲੀ ਜਾਣ ''ਤੇ ਮੋਬਾਇਲ ਚਾਰਜ ਕਰਨ ਦਾ ਨਵਾਂ ''ਜੁਗਾੜ''

04/09/2019 11:36:44 AM

ਲੁਧਿਆਣਾ : ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਇਸ ਮੌਸਮ 'ਚ ਲੰਬੇ-ਲੰਬੇ ਬਿਜਲੀ ਕੱਟ ਲੱਗਣੇ ਆਮ ਗੱਲ ਹਨ ਪਰ ਇਨ੍ਹਾਂ ਬਿਜਲੀ ਕੱਟਾਂ ਦੌਰਾਨ ਮੋਬਾਇਲ ਚਾਰਜ ਕਰਨ ਦੀ ਪਰੇਸ਼ਾਨੀ ਦਾ ਹੁਣ ਹੱਲ ਨਿਕਲ ਗਿਆ ਹੈ ਕਿਉਂਕਿ ਲੁਧਿਆਣਾ ਦੇ 2 ਸਕੇ ਭਰਾਵਾਂ ਨੇ ਇਸ ਦੇ ਲਈ ਨਵਾਂ ਜੁਗਾੜ ਕੱਢ ਲਿਆ ਹੈ। ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ 2 ਵਿਦਿਆਰਥੀਆਂ ਅਮਨਦੀਪ ਤੇ ਗਗਨਦੀਪ ਨੇ ਮੋਮਬੱਤੀ ਦੀ ਲੌਅ ਨਾਲ ਮੋਬਾਇਲ ਫੋਨ ਚਾਰਜ ਕਰਨ ਲਈ ਚਾਰਜਰ ਤਿਆਰ ਕੀਤਾ ਹੈ। ਲੰਬੇ-ਲੰਬੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਦੋਹਾਂ ਸਕੇ ਭਰਾਵਾਂ ਨੂੰ ਮੋਬਾਇਲ ਚਾਰਜ ਕਰਨ 'ਚ ਬੜੀ ਦਿੱਕਤ ਆਉਂਦੀ ਸੀ।

ਅਜਿਹੇ 'ਚ ਉਨ੍ਹਾਂ ਨੇ ਜੁਗਾੜ ਲਾ ਕੇ ਆਪਣੀ ਲੋੜ ਨੂੰ ਪੂਰਾ ਕਰਨ ਲਈ ਘਰ 'ਚ ਪਏ ਫਾਲਤੂ ਮਟੀਰੀਅਲ ਨਾਲ ਕੈਂਡਲ ਪਾਵਰ ਫੋਨ ਚਾਰਜਰ ਤਿਆਰ ਕੀਤਾ। ਦੋਹਾਂ ਨੌਜਵਾਨਾਂ ਨੇ ਇਸ ਚਾਰਜਰ ਦੇ ਮਾਡਲ ਨੂੰ ਸੋਮਵਾਰ ਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ 'ਚ 'ਜੁਗਾੜ ਮੇਲੇ' ਦੌਰਾਨ ਪੇਸ਼ ਕੀਤਾ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਮਕੈਨੀਕਲ ਇੰਜੀਨੀਅਰਿੰਗ ਤੀਜਾ ਸਾਲ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਈਸ਼ਰ ਨਗਰ 'ਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਇਲਾਕੇ 'ਚ ਅਕਸਰ ਬਿਜਲੀ ਦੇ ਕੱਟ ਲੱਗਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮੋਬਾਇਲ ਫੋਨ ਚਾਰਜ ਕਰਨ 'ਚ ਦਿੱਕਤ ਆਉਂਦੀ ਸੀ। ਪਰੇਸ਼ਾਨ ਹੋ ਕੇ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਮੋਬਾਇਲ ਫੋਨ ਚਾਰਜ ਕਰਨ ਲਈ ਅਜਿਹਾ ਯੰਤਰ ਬਣਾਇਆ ਜਾਵੇ ਕਿ ਬਿਜਲੀ ਦੀ ਲੋੜ ਹੀ ਨਾ ਪਵੇ। ਇਸ ਉਪਰੰਤ ਉਨ੍ਹਾਂ ਨੇ ਮੋਮਬੱਤੀ, ਖਰਾਬ ਕੰਪਿਊਟਰ ਦੇ ਹੀਟ ਸਿੰਗਸ, ਪੈਨ ਸਟੈਂਡ, ਬੇਕਾਰ ਪਈ ਡੇਟਾ ਕੇਬਲ, ਬਾਜ਼ਾਰੋਂ ਸਟੇਟਅਪ ਬਕ ਕਨਵਰਟਰ ਤੇ ਪਲੈਟੀਅਰ ਮੌਡਿਊਲ ਖਰੀਦ ਕੇ ਚਾਰਜਰ ਤਿਆਰ ਕੀਤਾ। ਇਸ ਤਹਿਤ ਜਦੋਂ ਮੋਮਬੱਤੀ ਬਾਲ ਕੇ ਪੈਨ ਸਟੈਂਡ 'ਚ ਹੀਟ ਸਿੰਗਸ ਦੇ ਹੇਠ ਰੱਖਿਆ ਜਾਂਦਾ ਹੈ ਤਾਂ ਤਾਪ ਨਾਲ ਕਰੰਟ ਪੈਦਾ ਹੁੰਦਾ ਹੈ। ਇਸ ਕਰੰਟ ਨਾਲ ਪਲੈਟੀਅਰ ਮੌਡਿਊਲ ਬਿਜਲੀ ਪੈਦਾ ਕਰਦਾ ਹੈ। ਹਾਲਾਂਕਿ ਇਕੱਲੀ ਮੋਮਬੱਤੀ ਨਾਲ ਵੋਲਟੇਜ ਪੂਰੀ ਨਹੀਂ ਮਿਲਦੀ। ਵੋਲਟੇਜ ਵਧਾਉਣ ਲਈ ਸਟੇਟਅਪ ਬਕ ਕਨਵਰਟਰ ਲਾਇਆ ਗਿਆ ਹੈ, ਜੋ ਕਿ ਪੰਜ ਵੋਲਟ ਤੱਕ ਬਿਜਲੀ ਦਿੰਦਾ ਹੈ।

Babita

This news is Content Editor Babita