ਜੇਬ 'ਚ ਰੱਖੇ ਮੋਬਾਇਲ 'ਚ ਹੋਇਆ ਬਲਾਸਟ, ਵਿਅਕਤੀ ਜ਼ਖਮੀ (ਵੀਡੀਓ)

01/20/2018 1:42:13 PM

ਜਲੰਧਰ(ਸੋਨੂੰ) - ਪੁਰਾਣੀ ਸਬਜ਼ੀ ਮੰਡੀ ਕੋਲ ਸਥਿਤ ਨੌਹਰੀਆਂ ਬਾਜ਼ਾਰ ਵਿਚ ਅੱਜ ਇਕ ਵਿਅਕਤੀ ਦੀ ਜੇਬ ਵਿਚ ਪਿਆ ਮੋਬਾਇਲ ਫੋਨ ਅਚਾਨਕ ਬਲਾਸਟ ਹੋ ਗਿਆ। ਜ਼ੋਰਦਾਰ ਧਮਾਕੇ ਦੀ ਆਵਾਜ਼ ਦੇ ਨਾਲ ਹੀ ਵਿਅਕਤੀ ਦਾ ਖੱਬਾ ਪੈਰ ਵੀ ਝੁਲਸ ਗਿਆ ਉਸ ਨੂੰ ਝੁਲਸੀ ਹਾਲਤ ਵਿਚ ਸਿਵਲ ਹਸਪਤਾਲ ਦੇ ਮੇਲ ਸਰਜੀਕਲ ਵਾਰਡ ਸਥਿਤ ਬਰਨ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੀ ਹੈ। 
ਝੁਲਸੇ ਵਿਅਕਤੀ ਦੀ ਪਛਾਣ ਪ੍ਰਵੀਨ ਸ਼ਰਮਾ ਪੁੱਤਰ ਸੁਰੇਸ਼ ਸ਼ਰਮਾ ਵਾਸੀ ਗੁਰੂ ਅਮਰਦਾਸ ਨਗਰ ਵਜੋਂ ਹੋਈ ਹੈ। ਝੁਲਸੇ ਪ੍ਰਵੀਨ ਨੇ ਦੱਸਿਆ ਕਿ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਅਤੇ ਅੱਜ ਉਹ ਨੌਹਰੀਆਂ ਬਾਜ਼ਾਰ ਸਥਿਤ ਇਕ ਘਰ ਵਿਚ ਕੰਮ ਕਰ ਰਿਹਾ ਸੀ ਕਿ ਅਚਾਨਕ ਹੀ ਉਸ ਦੀ ਜੇਬ ਵਿਚ ਪਿਆ ਸੈਮਸੰਗ ਏ 7 ਮੋਬਾਇਲ ਜੋ ਉਸ ਨੇ ਤਕਰੀਬਨ 33000 'ਚ ਇਕ ਸਾਲ 10 ਮਹੀਨੇ ਪਹਿਲਾਂ ਖਰੀਦਿਆ ਸੀ। ਉਹ ਬਲਾਸਟ ਹੋ ਗਿਆ। ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਅਤੇ ਉਸ ਦੀ ਪੈਂਟ ਦੀ ਜੇਬ ਵਿਚ ਤਰਲ ਪਦਾਰਥ ਨਿਕਲਣ ਲੱਗਾ। ਧਿਆਨ ਨਾਲ ਦੇਖਣ 'ਤੇ ਪਤਾ ਲੱਗਾ ਕਿ ਉਸ ਦਾ ਮੋਬਾਇਲ ਬਲਾਸਟ ਹੋ ਗਿਆ ਸੀ। 

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਕਿਤੇ ਤੁਹਾਡਾ ਮੋਬਾਇਲ ਵੀ ਬਲਾਸਟ ਨਾ ਹੋ ਜਾਵੇ
ਉਥੇ ਹੀ ਇਸ ਮਾਮਲੇ ਵਿਚ ਸੈਂਟਰਲ ਟਾਊਨ ਸਥਿਤ ਬਾਹਰੀ ਇਲੈਕਟ੍ਰਾਨਿਕ ਦੇ ਮਾਲਕ ਰਾਜੇਸ਼ ਬਾਹਰੀ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਲੋਕ ਮੋਬਾਇਲ ਦੇ ਪ੍ਰਯੋਗ ਦੌਰਾਨ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਜਿਸ ਕਾਰਨ ਮੋਬਾਇਲ ਫਟ ਜਾਂਦੇ ਹਨ।
. ਮੋਬਾਇਲ ਵਿਚ ਪਾਣੀ ਨਹੀਂ ਜਾਣਾ ਚਾਹੀਦਾ।
. ਮੋਬਾਇਲ ਦੀ ਬੈਟਰੀ ਖਰਾਬ ਜਾਂ ਫੁੱਲ ਜਾਣ 'ਤੇ ਤੁਰੰਤ ਬਦਲੋ।
. ਬੈਟਰੀ ਚਾਰਜਿੰਗ ਦੌਰਾਨ ਕਾਲ ਨਾ ਸੁਣੋ।
. ਮੋਬਾਇਲ ਚਾਰਜਿੰਗ ਦੌਰਾਨ ਵੀਡੀਓ ਨਾ ਦੇਖੋ।
. ਜੇਬ ਵਿਚ ਮੋਬਾਇਲ ਨਾਲ ਸਿੱਕੇ ਜਾਂ ਰਿਮੋਟ ਨਾ ਰੱਖੋ, ਰਿਮੋਟ ਵਿਚ ਬੈਟਰੀ ਹੁੰਦੀ ਹੈ ਅਤੇ ਚੁਬਕੀ ਸ਼ਕਤੀ ਪੈਦਾ ਹੋਣ ਨਾਲ ਮੋਬਾਇਲ ਫਟ ਸਕਦਾ ਹੈ। 
. ਇਸ ਤੋਂ ਇਲਾਵਾ ਇਕ ਜੇਬ ਵਿਚ 2 ਮੋਬਾਇਲ ਫੋਨ ਨਾ ਰੱਖੋ।