ਵਿਧਾਇਕ ਸ਼ੀਤਲ ਅੰਗੁਰਾਲ ਦਾ ਯੂ-ਟਰਨ, ਮੁਲਾਜ਼ਮਾਂ ਤੋਂ ਮੰਗੀ ਮੁਆਫ਼ੀ, ਵਿਵਾਦ ਹੋਇਆ ਖ਼ਤਮ

07/25/2022 11:20:06 AM

ਜਲੰਧਰ (ਚੋਪੜਾ)– ਵਿਧਾਇਕ ਸ਼ੀਤਲ ਅੰਗੁਰਾਲ ਨੇ ਡੀ. ਸੀ. ਆਫ਼ਿਸ ਨਾਲ ਸੰਬੰਧਤ ਵਿਭਾਗਾਂ ’ਚ ਫੈਲੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਯੂ–ਟਰਨ ਲੈਂਦਿਆਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਅਤੇ ਕਰਮਚਾਰੀ ਨੂੰ ਮੇਰੇ ਵੱਲੋਂ ਕੋਈ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਇਸ ਉਪਰੰਤ 22 ਜੁਲਾਈ ਨੂੰ ਵਿਧਾਇਕ ਅੰਗੁਰਾਲ ਵੱਲੋਂ ਡੀ. ਸੀ. ਦਫ਼ਤਰ ਦੇ ਵੱਖ-ਵੱਖ ਵਿਭਾਗਾਂ ਦੇ ਕੀਤੇ ਦੌਰੇ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਪੈਦਾ ਹੋਇਆ ਵਿਵਾਦ ਦਾ ਵੀ ਖ਼ਾਤਮਾ ਹੋ ਗਿਆ ਹੈ। ਇਸ ਉਪਰੰਤ ਡੀ. ਸੀ. ਆਫ਼ਿਸ ਇੰਪਲਾਈਜ਼ ਯੂਨੀਅਨ ਵੱਲੋਂ 25 ਅਪ੍ਰੈਲ ਤੋਂ ਐਲਾਨੀ ਅਣਮਿੱਥੇ ਸਮੇਂ ਦੀ ਹੜਤਾਲ ਅਤੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵਿਧਾਇਕ ਅੰਗੁਰਾਲ ਦੇ ਰਵੱਈਏ ਵਿਰੁੱਧ ਸੋਮਵਾਰ ਨੂੰ ਆਯੋਜਿਤ ਕੀਤੀ ਜਾਣ ਵਾਲੀ ਬਾਈਕ ਰੈਲੀ ਅਤੇ ਵਿਧਾਇਕ ਦੇ ਪੁਤਲਾ ਫੂਕ ਪ੍ਰਦਰਸ਼ਨ ਦੀ ਕਾਲ ਨੂੰ ਵੀ ਵਾਪਸ ਲੈ ਲਿਆ ਗਿਆ ਹੈ। ਹੁਣ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ’ਚ ਰੁਟੀਨ ਵਾਂਗ ਕੰਮਕਾਜ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ: ਲਾਂਬੜਾ ਵਿਖੇ ਵਿਅਕਤੀ ਦਾ ਗਲਾ ਵੱਢ ਕੇ ਸੁੱਟੀ ਖ਼ੂਨ ਨਾਲ ਲਿਬੜੀ ਲਾਸ਼ ਬਰਾਮਦ, ਫ਼ੈਲੀ ਸਨਸਨੀ

ਇਸੇ ਸੰਦਰਭ ’ਚ ਬੀਤੇ ਦਿਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੇ ਦਫ਼ਤਰ ’ਚ ਇਕ ਮੀਟਿੰਗ ਹੋਈ, ਜਿਸ ’ਚ ਵਿਧਾਇਕ ਸ਼ੀਤਲ ਅੰਗੁਰਾਲ, ਸੈਂਟਰਲ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਰਮਨ ਅਰੋੜਾ ਤੋਂ ਇਲਾਵਾ ਸੁਪਰਿੰਟੈਂਡੈਂਟ ਪਰਮਿੰਦਰ ਕੌਰ, ਡੀ. ਸੀ. ਆਫਿਸ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਜਨਰਲ ਸਕੱਤਰ ਜੋਗਿੰਦਰ ਸਿੰਘ ਜ਼ੀਰਾ ਤੋਂ ਇਲਾਵਾ ਜ਼ਿਲਾ ਪ੍ਰਧਾਨ ਪਵਨ ਕੁਮਾਰ ਵਰਮਾ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਅਹੁਦੇਦਾਰ ਵੀ ਮੌਜੂਦ ਸਨ। ਦੋਵਾਂ ਧਿਰਾਂ ’ਚ ਆਪਸੀ ਗੱਲਬਾਤ ਤੋਂ ਬਾਅਦ ਸਹਿਮਤੀ ਬਣੀ, ਜਿਸ ਉਪਰੰਤ ਵਿਧਾਇਕ ਅੰਗੁਰਾਲ ਨੇ ਮੁਆਫ਼ੀ ਮੰਗ ਕੇ ਮਾਮਲੇ ਨੂੰ ਖਤਮ ਕੀਤਾ। ਵਿਧਾਇਕ ਅੰਗੁਰਾਲ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਕਿਸੇ ਹੋਰ ਕੰਮ ਡੀ. ਸੀ. ਆਫ਼ਿਸ ਆਏ ਸਨ ਪਰ ਫੇਸਬੁੱਕ ਅਤੇ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਉਨ੍ਹਾਂ ਨੂੰ ਕਿਸੇ ਹੋਰ ਰੂਪ ’ਚ ਪੇਸ਼ ਕਰ ਦਿੱਤਾ। ਮੈਂ ਡੀ. ਸੀ. ਆਫਿਸ ਦੇ ਬਾਹਰ ਜੋ ਪ੍ਰਾਈਵੇਟ ਏਜੰਟ ਲੋਕਾਂ ਨੂੰ ਤੰਗ-ਪਰੇਸ਼ਾਨ ਕਰਦੇ ਹਨ, ਉਨ੍ਹਾਂ ਵਿਰੁੱਧ ਲੜਾਈ ਲੜਨ ਉਥੇ ਆਇਆ ਸੀ।

ਸਭ ਤੋਂ ਪਹਿਲਾਂ ਉਹ ਸੁਪਰਿੰਟੈਂਡੈਂਟ ਦੇ ਦਫ਼ਤਰ ’ਚ ਗਏ। ਮੈਂ ਉਥੇ ਸੁਪਰਿੰਟੈਂਡੈਂਟ ਦੇ ਵਿਰੁੱਧ ਨਹੀਂ ਸਗੋਂ ਹੱਕ ’ਚ ਗਿਆ ਸੀ। ਉਹ ਇਕ ਈਮਾਨਦਾਰ ਅਧਿਕਾਰੀ ਹਨ ਪਰ ਉਨ੍ਹਾਂ ਦੇ ਦਫਤਰ ਦੇ ਬਾਹਰ ਜੋ ਸਿਸਟਮ ਹੈ, ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਉਹ ਅਤੇ ਸਰਕਾਰ ਸੁਪਰਿੰਟੈਂਡੈਂਟ ਦੇ ਨਾਲ ਹਨ। ਸਾਨੂੰ ਆਪਣੇ ਅਧਿਕਾਰੀਆਂ ’ਤੇ ਪੂਰਾ ਭਰੋਸਾ ਹੈ, ਪਰ 1-2 ਅਧਿਕਾਰੀਆਂ ਕਾਰਨ ਸਮੁੱਚਾ ਪ੍ਰਸ਼ਾਸਨ ਗਲਤ ਨਹੀਂ ਹੋ ਸਕਦਾ। ਵਿਧਾਇਕ ਅੰਗੁਰਾਲ ਨੇ ਕਿਹਾ ਕਿ ਫਿਰ ਜੇਕਰ ਕੋਈ ਗਲਤੀ ਕਰੇਗਾ ਤਾਂ ਉਹ ਉਸ ਮਾਮਲੇ ਨੂੰ ਮੁੱਖ ਮੰਤਰੀ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆਉਣਗੇ।

ਇਹ ਵੀ ਪੜ੍ਹੋ: ਨੰਗਲ ਵਿਖੇ ਭਾਖੜਾ ਨਹਿਰ ’ਚ ਤੈਰਦੀਆਂ ਮਾਂ-ਧੀ ਦੀਆਂ ਲਾਸ਼ਾਂ ਬਰਾਮਦ, ਫ਼ੈਲੀ ਸਨਸਨੀ

ਆਖਿਰ ਵਿਵਾਦ ਦਾ ਕੀ ਰਿਹਾ ਮੁੱਖ ਕਾਰਨ
ਜ਼ਿਕਰਯੋਗ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਨੇ 22 ਜੁਲਾਈ ਸ਼ਾਮ ਨੂੰ ਡੀ. ਸੀ. ਦਫ਼ਤਰ ਦਾ ਦੌਰਾ ਕਰਦੇ ਹੋਏ ਵੱਖ-ਵੱਖ ਵਿਭਾਗਾਂ ’ਚ ਜਾ ਕੇ ਜਨਤਾ ਦੀਆਂ ਦਿੱਕਤਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਹੋਣ ਦਾ ਦੋਸ਼ ਲਾਇਆ ਸੀ। ਇਸ ਦੌਰਾਨ ਉਹ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਵੀ. ਆਈ. ਪੀ. ਨੰਬਰ ਤਬਦੀਲ ਕਰਨ ਦੇ ਮਾਮਲੇ ਨੂੰ ਲੈ ਕੇ ਸਕੱਤਰ ਆਰ. ਟੀ. ਏ. ਰਜਤ ਓਬਰਾਏ ਦੇ ਦਫ਼ਤਰ ਵੀ ਗਏ ਅਤੇ ਦੋਸ਼ੀਆਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਨ ਲਈ ਕਿਹਾ। ਇਸ ਤੋਂ ਬਾਅਦ ਉਹ ਐੱਮ. ਏ. ਬਰਾਂਚ ਸਮੇਤ ਹੋਰ ਵਿਭਾਗਾਂ ’ਚ ਵੀ ਗਏ, ਜਿਥੇ ਉਨ੍ਹਾਂ ਏ. ਡੀ. ਸੀ. ਅਮਿਤ ਸਰੀਨ ’ਤੇ ਛੁੱਟੀ ਵਾਲੇ ਦਿਨ ਸਿਰਫ਼ 10 ਮਿੰਟਾਂ ’ਚ ਇਕ ਟਰੈਵਲ ਏਜੰਸੀ ਦਾ ਰੱਦ ਕੀਤਾ ਲਾਇਸੈਂਸ ਬਹਾਲ ਕਰਨ ਦੇ ਮਾਮਲੇ ’ਚ ਮਿਲੀਭੁਗਤ ਦੇ ਦੋਸ਼ ਵੀ ਲਾਏ। ਵਿਧਾਇਕ ਅੰਗੁਰਾਲ ਨੇ ਡਿਪਟੀ ਕਮਿਸ਼ਨਰ ਸਾਹਮਣੇ ਬਿਨਾਂ ਕਿਸੇ ਸਬੂਤ ਦੇ ਕਰਮਚਾਰੀਆਂ ’ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਸ਼ਾਮਲ ਹੋਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ।
ਇਸ ਤੋਂ ਬਾਅਦ ਡੀ. ਸੀ. ਆਫ਼ਿਸ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਪਵਨ ਵਰਮਾ, ਜਨਰਲ ਸਕੱਤਰ ਜਗਦੀਸ਼ ਚੰਦਰ ਸਲੂਜਾ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਅਤੇ ਜਨਰਲ ਸਕੱਤਰ ਤੇਜਿੰਦਰ ਸਿੰਘ ਨੇ ਵਿਧਾਇਕ ਵੱਲੋਂ ਵਿਭਾਗਾਂ ਦੀ ਚੈਕਿੰਗ ਦੌਰਾਨ ਮੁਲਾਜ਼ਮਾਂ ਨਾਲ ਗਲਤ ਸਲੂਕ ਕਰਨ ਦੇ ਦੋਸ਼ ਲਾਉਂਦੇ ਹੋਏ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਅਤੇ ਵਿਧਾਇਕ ਦਾ ਪੁਤਲਾ ਫੂਕਣ ਦਾ ਐਲਾਨ ਕਰ ਦਿੱਤਾ ਸੀ।

ਪੀ. ਸੀ. ਐੱਸ. ਐਸੋਸੀਏਸ਼ਨ ਨੇ ਵੀ ਵਿਧਾਇਕ ਦੀ ਕਾਰਵਾਈ ’ਤੇ ਵਿਰੋਧ ਦਾ ਕੀਤਾ ਐਲਾਨ
ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਸਰਕਾਰੀ ਵਿਭਾਗਾਂ ’ਚ ਜਾ ਕੇ ਚੈਕਿੰਗ ਕਰਨ ਅਤੇ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਕੀਤੇ ਗਲਤ ਸਲੂਕ ਦੇ ਵਿਰੋਧ ’ਚ ਪੀ. ਸੀ. ਐੱਸ. ਅਧਿਕਾਰੀਆਂ ਦੀ ਐਸੋਸੀਏਸ਼ਨ ਵੀ ਸੰਘਰਸ਼ ’ਚ ਸ਼ਾਮਲ ਹੋ ਗਈ ਸੀ। ਇਸ ਦੌਰਾਨ ਉਨ੍ਹਾਂ ਡੀ. ਸੀ. ਆਫ਼ਿਸ ਇੰਪਲਾਈਜ਼ ਯੂਨੀਅਨ ਦੀ ਹੜਤਾਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: ਆਉਣ ਵਾਲੇ ਦਿਨਾਂ 'ਚ ਜਨਤਾ ਨੂੰ ਲੱਗ ਸਕਦੈ ਝਟਕਾ, ਇਸ ਵਜ੍ਹਾ ਕਾਰਨ ਮਹਿੰਗੀ ਹੋ ਸਕਦੀ ਹੈ ਬਿਜਲੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri