ਪ੍ਰਧਾਨ ਮੰਤਰੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੇਲ ਵਿਭਾਗ 'ਚ ਨੌਕਰੀ ਦੇਣ : ਵਿਧਾਇਕ ਪਿੰਕੀ

10/21/2018 11:51:19 AM

ਫਿਰੋਜ਼ਪੁਰ (ਕੁਮਾਰ, ਮਲਹੋਤਰਾ) – ਅੰਮ੍ਰਿਤਸਰ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪ੍ਰਧਾਨ ਮੰਤਰੀ ਨੂੰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੇਲ ਵਿਭਾਗ 'ਚ ਨੌਕਰੀ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ 'ਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਅਤੇ ਜ਼ਖਮੀਆਂ ਦਾ ਮੁਫਤ ਇਲਾਜ ਕਰਵਾਉਣ ਦਾ ਐਲਾਨ ਕਰਕੇ ਪੀੜਤ ਪਰਿਵਾਰਾਂ ਦਾ ਦਰਦ ਵੰਡਾਉਣ ਦੀ ਜੋ ਪਹਿਲ ਕਦਮੀ ਕੀਤੀ ਹੈ, ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। 

ਪਿੰਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਪੀੜਤ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਨ ਦੇ ਐਲਾਨ 'ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਰੇਲ ਹਾਦਸੇ 'ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਦੇ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਰੇਲਵੇ ਵਿਭਾਗ 'ਚ ਪੱਕੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦਾ ਪਰਿਵਾਰ 2 ਵਕਤ ਦੀ ਪੇਟ ਭਰ ਕੇ ਰੋਟੀ ਖਾ ਸਕੇ। ਉਨ੍ਹਾਂ ਕਿਹਾ ਕਿ ਇਹ ਲੋਕ ਚੰਗੇ ਕੰਮ ਲਈ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਮੌਤ ਖਿੱਚ ਕੇ ਆਪਣੇ ਨਾਲ ਲੈ ਗਈ।ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਪਰਿਵਾਰਾਂ ਨੂੰ ਰੇਲ ਵਿਭਾਗ 'ਚ ਨੌਕਰੀ ਦੇਣ ਦਾ ਐਲਾਨ ਕਰਨ। ਇਸ ਮੌਕੇ ਐਡਵੋਕੇਟ ਗੁਲਸ਼ਨ ਮੋਗਾ, ਚੰਦਰ ਮੋਹਨ ਹਾਂਡਾ, ਸੁਖਵਿੰਦਰ ਅਟਾਰੀ, ਧਰਮਜੀਤ ਸਿੰਘ, ਦਲਜੀਤ ਦੁਲਚੀ ਕੇ ਆਦਿ ਮੌਜੂਦ ਸਨ।