ਸਰਕਾਰ ਕਿਸੇ ਨੂੰ ਵੀ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ: ਚੀਮਾ

01/16/2018 6:13:08 PM

ਸੁਲਤਾਨਪੁਰ ਲੋਧੀ (ਧੀਰ)— ਕੈਪਟਨ ਸਰਕਾਰ ਸੂਬੇ 'ਚ ਕਿਸੇ ਨੂੰ ਵੀ ਅਮਨ ਤੇ ਸ਼ਾਂਤੀ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਅਤੇ ਅਜਿਹਾ ਕਰਨ ਵਾਲਿਆਂ ਨੂੰ ਸਬਕ ਸਿਖਾਉਣ 'ਚ ਕਦੇ ਵੀ ਪਿੱਛੇ ਨਹੀਂ ਹਟੇਗੀ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਮਾਘੀ ਦੇ ਮੇਲੇ ਮੌਕੇ ਇਕ ਸਿਆਸੀ ਕਾਨਫਰੰਸ 'ਚ ਲੱਗੇ ਖਾਲਿਸਤਾਨ ਦੇ ਨਾਅਰੇ ਪੂਰੀ ਤਰ੍ਹਾਂ ਪੰਜਾਬ ਵਿਰੋਧੀ ਹਨ ਅਤੇ ਕੁਝ ਸਿਆਸੀ ਲੋਕ ਇਨ੍ਹਾਂ ਕਾਨਫਰੰਸਾਂ ਰਾਹੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ 'ਚ ਝੋਕ ਦੇਣਾ ਚਾਹੁੰਦੇ ਹਨ ਪਰ ਉਹ ਆਪਣੇ ਇਸ ਮਕਸਦ 'ਚ ਕਦੇ ਵੀ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਸੰਤਾਪ ਭੋਗਿਆ ਹੈ ਅਤੇ ਹੁਣ ਕੋਈ ਵੀ ਪੰਜਾਬੀ ਕਾਂਗਰਸ ਸਰਕਾਰ ਵੱਲੋਂ ਪੈਦਾ ਕੀਤੀ ਅਮਨ ਅਤੇ ਸ਼ਾਂਤੀ ਨੂੰ ਖਰਾਬ ਨਹੀਂ ਹੋਣ ਦੇਵੇਗਾ ਅਤੇ ਅਜਿਹੇ ਸਿਆਸੀ ਲੋਕਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। 
ਉਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ ਧਾਰਮਿਕ ਸਮਾਗਮਾਂ 'ਚ ਸਿਆਸੀ ਕਾਨਫਰੰਸ ਨਾ ਕਰਨ ਦੇ ਫੈਸਲੇ ਨੂੰ ਸਹੀ ਦੱਸਦੇ ਹੋਏ ਕਿਹਾ ਕਿ ਇਹ ਕੈਪਟਨ ਸਾਹਿਬ ਦੀ ਉਸਾਰੂ ਸੋਚ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਧਾਰਮਿਕ ਸਮਾਗਮਾਂ ਨੂੰ ਕਦੇ ਵੀ ਰਾਜਨੀਤੀ ਦਾ ਅਖਾੜਾ ਨਹੀਂ ਬਣਨ ਦੇਣਾ ਚਾਹੀਦਾ। ਧਾਰਮਿਕ ਸਮਾਗਮ ਬਿਲਕੁਲ ਨਿਰੋਲ ਧਾਰਮਿਕ ਹੋਣੇ ਚਾਹੀਦੇ ਹਨ। ਇਸ ਮੌਕੇ ਪ੍ਰਦੇਸ਼ ਪੰਜਾਬ ਕਾਂਗਰਸ ਸਕੱਤਰ ਨਰਿੰਦਰ ਸਿੰਘ ਜੈਨਪੁਰ, ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਹਰਚਰਨ ਸਿੰਘ ਬੱਗਾ, ਸਤਿੰਦਰ ਸਿੰਘ ਚੀਮਾ, ਸੁਖਦੇਵ ਸਿੰਘ, ਅਵਤਾਰ ਸਿੰਘ ਰੰਧਾਵਾ, ਰਵਿੰਦਰ ਰਵੀ ਪੀ. ਏ. ਆਦਿ ਵੀ ਹਾਜ਼ਰ ਸਨ।