ਕੈਪਟਨ ਸਰਕਾਰ ਕਿਸੇ ਵੀ ਕੀਮਤ ''ਤੇ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਖਰਾਬ ਨਹੀਂ ਹੋਣ ਦੇਵੇਗੀ

07/19/2017 4:58:48 PM

ਸੁਲਤਾਨਪੁਰ ਲੋਧੀ(ਧੀਰ)— ਲੁਧਿਆਣਾ ਵਿਖੇ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਚਰਚ ਦੇ ਪਾਸਟਰ ਸੁਲਤਾਨ ਮਸੀਹ 'ਤੇ ਹਮਲਾ ਕਰਕੇ ਹੱਤਿਆ ਕਰਨ ਦੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਜਾਣ-ਬੁੱਝ ਕੇ ਪੰਜਾਬ ਦੀ ਅਮਨ ਅਤੇ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੇ ਹਨ। ਜਿਸ ਨੂੰ ਕੈਪਟਨ ਸਰਕਾਰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਸਮੇਂ ਹਰੇਕ ਵਰਗ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ 'ਚ ਆਪਸ 'ਚ ਬਹੁਤ ਪਿਆਰ ਅਤੇ ਭਾਈਚਾਰੇ ਦੀ ਸਾਂਝ ਚਲੀ ਆ ਰਹੀ ਹੈ, ਜਿਸ ਨੂੰ ਬਰਕਰਾਰ ਰੱਖਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਅਜਿਹੀਆਂ ਦੇਸ਼-ਵਿਰੋਧੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਮਲਾਵਰਾਂ ਦਾ ਕੋਈ ਧਰਮ ਜਾਂ ਮਜ਼ਹਬ ਨਹੀਂ ਹੁੰਦਾ।
ਚੀਮਾ ਨੇ ਕਿਹਾ ਕੈਪਟਨ ਸਾਹਿਬ ਨੇ ਪਾਸਟਰ ਸੁਲਤਾਨ ਮਸੀਹ ਦੇ ਪਰਿਵਾਰ ਨਾਲ ਖੁਦ ਗੱਲ ਕਰਕੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਅਤੇ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਮਲਾਵਰ ਜ਼ਿਆਦਾ ਦੇਰ ਤੱਕ ਲੁਕੇ ਨਹੀਂ ਰਹਿ ਸਕਦੇ ਕਿਉਂਕਿ ਮੁੱਖ ਮੰਤਰੀ ਕੈਪਟਨ ਸਾਹਿਬ ਦੇ ਸਖਤ ਹੁਕਮਾਂ 'ਤੇ ਪੁਲਸ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ। ਉਨ੍ਹਾਂ ਨੇ ਸਮੂਹ ਮਸੀਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਅਜਿਹੀ ਦੁੱਖ ਦੀ ਘੜੀ 'ਚ ਅਸੀਂ ਆਪਣਾ ਸੰਯਮ ਨਾ ਗੁਆਈਏ ਤੇ ਪਿਆਰ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪਹਿਲਾਂ ਦੀ ਤਰ੍ਹਾਂ ਹੀ ਰਹੀਏ। ਉਨ੍ਹਾਂ ਕਿਹਾ ਕਿ ਸਮੂਹ ਕਾਂਗਰਸ ਪਾਰਟੀ ਮਸੀਹ ਭਾਈਚਾਰੇ ਦੇ ਨਾਲ ਡਟ ਕੇ ਖੜ੍ਹੀ ਹੈ ਤੇ ਅਜਿਹੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਉਣ 'ਚ ਕੋਈ ਗੁਰੇਜ ਨਹੀਂ ਕਰੇਗੀ। ਇਸ ਮੌਕੇ ਬਲਾਕ ਪ੍ਰਧਾਨ ਮੁਖਤਿਆਰ ਭਗਤਪੁਰ ਆਸਾ ਸਿੰਘ ਵਿਰਕ ਆਦਿ ਹਾਜ਼ਰ ਸਨ।