ਹਲਕਾ ਘਨੌਰ ਦੀ ਕਾਂਗਰਸ ’ਚ ਬਗਾਵਤ! ਸੈਂਕੜੇ ਮੋਹਤਬਰਾਂ ਵੱਲੋਂ ਵਿਧਾਇਕ ਜਲਾਲਪੁਰ ਦਾ ਸਾਥ ਛੱਡਣ ਦਾ ਐਲਾਨ

07/27/2021 10:52:44 AM

ਪਟਿਆਲਾ (ਬਲਜਿੰਦਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੇ ਹਲਕਾ ਘਨੌਰ ’ਚ 170 ਪਿੰਡਾਂ ਦੇ ਸੈਂਕੜੇ ਮੋਹਤਬਰ ਆਗੂਆਂ ਨੇ ਇਕ ਵਿਸ਼ਾਲ ਮੀਟਿੰਗ ਕਰ ਕੇ ਮੌਜੂਦ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਸਾਥ ਛੱਡਣ ਦਾ ਐਲਾਨ ਕਰ ਦਿੱਤਾ। ਪਿੰਡ ਕਪੂਰੀ ਤੋਂ ਕੁੱਝ ਦੂਰੀ ’ਤੇ ਫੈਕਟਰੀ ’ਚ ਰੱਖੀ ਮੀਟਿੰਗ ’ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਨੰਬਰਦਾਰ, ਸਰਪੰਚ, ਕਾਂਗਰਸ ਦੇ ਮੌਜੂਦਾ ਅਤੇ ਸਾਬਕਾ ਅਹੁਦੇਦਾਰਾਂ ਨੇ ਹੱਥ ਖੜ੍ਹੇ ਕਰ ਕੇ ਸਰਬ ਸੰਮਤੀ ਨਾਲ ਫ਼ੈਸਲਾ ਲੈ ਕੇ ਵਿਧਾਇਕ ਦਾ ਸਾਥ ਛੱਡਣ ਦਾ ਐਲਾਨ ਕੀਤਾ। ਅਹਿਮ ਗੱਲ ਇਹ ਸੀ ਕਿ ਇਨ੍ਹਾਂ ’ਚ ਜ਼ਿਆਦਾਤਰ ਉਹ ਆਗੂ ਸਨ, ਜਿਹੜੇ ਜਲਾਲਪੁਰ ਨਾਲ 2007 ਤੋਂ ਹੀ ਖੜ੍ਹੇ ਹਨ।

ਮੀਟਿੰਗ ’ਚ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਨੇ ਧੱਕੇਸ਼ਾਹੀ, ਮਾਈਨਿੰਗ, ਸ਼ਰਾਬ ਅਤੇ ਹੋਰ ਬੁਰਾਈਆਂ ਦਾ ਅੰਤ ਕਰਨ ਲਈ ਵਿਧਾਇਕ ਬਣਾਇਆ ਸੀ ਪਰ ਉਹ ਖ਼ਤਮ ਹੋਣ ਦੀ ਬਜਾਏ ਹੋਰ ਵੱਧ ਗਈਆਂ। ਉਨ੍ਹਾਂ ਵਿਧਾਇਕ ਜਲਾਲਪੁਰ ’ਤੇ ਮਾਈਨਿੰਗ, ਨਕਲੀ ਸ਼ਰਾਬ, ਸ਼ਰਾਬ ਸਮੱਗਲਿੰਗ, ਕਾਂਗਰਸੀਆਂ ’ਤੇ ਝੂਠੇ ਕੇਸ ਦਰਜ ਕਰਵਾਉਣਾ, ਸੇਹਰਾ, ਸੇਹਰੀ ਦੇ ਪ੍ਰਾਜੈਕਟ ’ਚ ਘਪਲਾ ਕਰਨ ਆਦਿ ਦੇ ਦੋਸ਼ ਲਗਾਏ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਸਾਲ 2017 ਤੋਂ ਪਹਿਲਾਂ ਜਿਹੜੇ ਮਿੱਟੀ ਦਾ ਟਿੱਪਰ 2700 ਦਾ ਮਿਲਦਾ ਸੀ, ਹੁਣ ਉਹ 5 ਹਜ਼ਾਰ ਦਾ ਮਿਲਦਾ ਹੈ ਅਤੇ ਕੋਈ ਵੀ ਲੋੜਵੰਦ ਆਪਣੀ ਮਰਜ਼ੀ ਨਾਲ ਮਿੱਟੀ ਨਹੀਂ ਪੁੱਟ ਕੇ ਨਹੀਂ ਪਾ ਸਕਦਾ। ਹਲਕਾ ਘਨੌਰ ਦੀ ਸਮੁੱਚੀ ਟਰਾਂਸਪੋਰਟ ਕਬਜ਼ਾ ਕਰ ਲਿਆ ਗਿਆ ਹੈ। ਯੂਨੀਅਨ ’ਚ 500 ਟਰੱਕ ਸਨ, ਉਹ 300 ਦੇ ਕਰੀਬ ਹੀ ਰਹਿ ਗਏ ਹਨ। 

ਬੁਲਾਰਿਆਂ ਨੇ ਕਿਹਾ ਕਿ ਜਦੋਂ ਲੋਕ ਕੋਰੋਨਾ ਕਾਰਨ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ ਤਾਂ ਨਕਲੀ ਸ਼ਰਾਬ ਵੇਚ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਕੇ ਪੈਸੇ ਇਕੱਠੇ ਕਰ ਕੇ ਵਿਧਾਇਕ ਨੇ ਹਲਕਾ ਘਨੌਰ ਦੇ ਸਮੁੱਚੇ ਆਗੂਆਂ ਅਤੇ ਕਾਂਗਰਸੀ ਪਾਰਟੀ ’ਤੇ ਦਾਗ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਇਕ ਜਲਾਲਪੁਰ ਕਿਸੇ ਦਾ ਨਹੀਂ ਹੋ ਸਕਦਾ, ਪਹਿਲਾਂ ਜਸਜੀਤ ਰੰਧਾਵਾ ਨੇ ਉਸ ਪਾਲਿਆ ਤਾਂ ਉਸ ਦੀ ਪਿੱਠ ’ਚ ਛੁਰਾ ਮਾਰਿਆ, ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਪਾਲਿਆ ਤਾਂ ਉਨ੍ਹਾਂ ਦੀ ਪਿੱਠ ’ਚ ਛੁਰਾ ਮਾਰ ਦਿੱਤਾ। ਜਿਹੜੇ ਇਸ ਮੰਚ ’ਤੇ ਖੜ੍ਹੇ ਹਨ, ਇਨ੍ਹਾਂ ਸਾਰੇ ਆਗੂਆਂ ਨੇ ਜਲਾਲਪੁਰ ਨੂੰ ਬਣਾਇਆ ਅਤੇ ਉਨ੍ਹਾਂ ਦੀ ਪਿੱਠ ’ਚ ਵੀ ਛੁਰਾ ਮਾਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਉਹ ਵਿਧਾਇਕ ਜਲਾਲਪੁਰ ਦੀਆਂ ਸਮੁੱਚੇ ਘਪਲਿਆਂ ਦਾ ਪਰਦਾਫਾਸ਼ ਕਰ ਕੇ ਰਹਿਣਗੇ।

ਇਸ ਮੀਟਿੰਗ ’ਚ ਮਾਸਟਰ ਮੋਹਨ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਰਮਿੰਦਰ ਸਿੰਘ ਲਾਲੀ, ਲਖਬੀਰ ਸਿੰਘ ਬਲਾਕ ਸੰਮਤੀ ਮੈਂਬਰ, ਸੁਦਰਸ਼ਨ ਉਰਫ਼ ਬਬਲਾ ਜਿੰਦਲ, ਸ਼ਾਮ ਸੁੰਦਰ ਜਿੰਦਲ ਸਾਬਕਾ ਪ੍ਰਧਾਨ ਘਨੌਰ, ਸਾਬਕਾ ਬਲਾਕ ਪ੍ਰਧਾਨ ਕਰਨੈਲ ਸਿੰਘ ਘੱਗਰ ਸਰਾਏ, ਜਤਿੰਦਰਵੀਰ ਸਿੰਘ ਛਾਛੀ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ, ਸੁਰਿੰਦਰ ਸਿੰਘ ਸਰਵਾਰਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਘਨੌਰ, ਸ਼ਾਮ ਲਾਲ ਸੰਮਤੀ ਮੈਂਬਰ, ਅਮਰਜੀਤ ਸਿੰਘ ਸਰਪੰਚ ਜਨਸੂਆ, ਜੱਥੇਦਾਰ ਹਰਨਾਥ ਸਿੰਘ ਜਲਾਲਪੁਰ, ਗੁਰਸ਼ਰਨ ਹੈਪੀ ਸਾਬਕਾ ਸਰਪੰਚ, ਰਾਮਪਾਲ ਘੁੰਗਰਾ ਸਰਪੰਚ, ਗੁਰਮੇਲ ਸਿੰਘ ਮੋਹੀ, ਰਣਧੀਰ ਸਿੰਘ ਸੰਧਾਰਸੀ ਸਾਬਕਾ ਸਰਪੰਚ, ਮਨਜੀਤ ਸਿੰਘ ਟਹਿਲਪੁਰ ਸਾਬਕਾ ਸਰਪੰਚ, ਦਿਲਬਾਗ ਸਿੰਘ ਜਨਰਲ ਸਕੱਤਰ ਕਾਂਗਰਸ ਦਿਹਾਤੀ, ਭਰਪੂਰ ਸਿੰਘ ਸਾਬਕਾ ਡਾਇਰੈਕਟਰ, ਮਾਇਆ ਰਾਮ ਸਾਬਕਾ ਚੇਅਰਮੈਨ, ਬੇਬੀ ਸ਼ਰਮਾ ਘਨੌਰ, ਸਿੰਦਰ ਕੌਰ ਸਲੇਮਪੁਰ ਪ੍ਰਧਾਨ ਰਾਜਪੂਤ ਬਰਾਦਰੀ, ਅਵਤਾਰ ਸਿੰਘ ਰੁੜਕੀ ਅਤੇ ਲਖਵਿੰਦਰ ਸਿੰਘ ਬਿੱਟੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।


 

Babita

This news is Content Editor Babita