ਕੈਪਟਨ ਤੋਂ ਨਾਰਾਜ਼ ਵਿਧਾਇਕਾਂ 'ਤੇ ਸਿੱਧੂ ਦੀ ਨਜ਼ਰ!

12/03/2019 10:47:58 AM

ਪਟਿਆਲਾ (ਰਾਜੇਸ਼): ਕੈਪਟਨ ਤੋਂ ਨਾਰਾਜ਼ ਵਿਧਾਇਕਾਂ 'ਤੇ ਸਾਬਕਾ ਮੰਤਰੀ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਤਿੱਖੀ ਨਜ਼ਰ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਇਕ ਪਾਸੇ ਆਪਣੀ ਸਰਕਾਰ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਬਚਣ ਦੀ ਨਸੀਹਤ ਦੇ ਰਹੇ ਹਨ ਜਦੋਂ ਕਿ ਸਿੱਧੂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਪਿਛਲੇ ਇਕ ਹਫਤੇ ਤੋਂ ਡਟੇ ਹੋਏ ਹਨ। ਮੁੱਖ ਮੰਤਰੀ ਦੇ ਜ਼ਿਲੇ ਦੇ 4 ਕਾਂਗਰਸੀ ਵਿਧਾਇਕ 10 ਦਿਨਾਂ ਤੋਂ ਬਗਾਵਤ 'ਤੇ ਹਨ। ਅਜਿਹੇ ਵਿਚ ਸਿੱਧੂ ਦਾ ਪਟਿਆਲਾ ਵਿਖੇ ਡਟਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਸੂਤਰਾਂ ਅਨੁਸਾਰ ਸਿੱਧੂ ਨਾਲ ਉਨ੍ਹਾਂ ਦੀ ਧਰਮ-ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਵੀ ਹਨ।
ਵਿਧਾਇਕਾਂ ਦੀ ਬਗਾਵਤ ਦੇ ਸੁਰਾਂ ਦੌਰਾਨ ਸਿੱਧੂ ਦਾ ਪਟਿਆਲਾ ਵਿਚ ਰਹਿਣਾ ਕਈ ਤਰ੍ਹਾਂ ਦੇ ਸਿਆਸੀ ਚਰਚਿਆਂ ਨੂੰ ਜਨਮ ਦੇ ਰਿਹਾ ਹੈ। ਜਿਸ ਸਮੇਂ ਕਰਤਾਰਪੁਰ ਲਾਂਘਾ ਖੋਲ੍ਹਣ ਮੌਕੇ ਭਾਰਤ ਦਾ ਡੈਲੀਗੇਸ਼ਨ ਪਾਕਿਸਤਾਨ ਗਿਆ ਸੀ, ਉਸ ਵਿਚ ਮੁੱਖ ਮੰਤਰੀ ਦੇ ਜ਼ਿਲੇ ਦੇ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਗਏ ਸਨ। ਜਲਾਲਪੁਰ ਨੇ ਸਮਾਗਮ ਦੌਰਾਨ ਸਿੱਧੂ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ ਸੀ। ਬਾਬਾ ਨਾਨਕ ਦੇ ਘਰ ਦਾ ਲਾਂਘਾ ਖੋਲ੍ਹਣ ਦਾ ਸਿਹਰਾ ਸਿੱਧੂ ਨੂੰ ਦਿੱਤਾ ਸੀ। ਇਸ ਸਬੰਧੀ ਵੀਡੀਓ ਕਾਫੀ ਵਾਇਰਲ ਹੋਈ ਸੀ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਨ੍ਹਾਂ ਵਿਧਾਇਕਾਂ ਨੇ ਸਿੱਧੂ ਨਾਲ ਮੁਲਾਕਾਤ ਕੀਤੀ ਹੈ ਜਾਂ ਨਹੀਂ? ਪਰ ਜਿਸ ਤਰ੍ਹਾਂ ਮੁੱਖ ਮੰਤਰੀ ਲਗਾਤਾਰ ਸਿੱਧੂ 'ਤੇ ਸਿਆਸੀ ਹਮਲੇ ਕਰ ਰਹੇ ਹਨ, ਉਸ ਦੌਰਾਨ ਉਨ੍ਹਾਂ ਦੇ ਜ਼ਿਲੇ ਦੇ ਵਿਧਾਇਕਾਂ ਵੱਲੋਂ ਸਿੱਧੂ ਦੇ ਹੱਕ ਵਿਚ ਨਰਮ ਰੁਖ ਅਖਤਿਆਰ ਕਰਨਾ ਆਪਣੇ-ਆਪ ਵਿਚ ਵੱਡੀ ਗੱਲ ਹੈ।

ਵਿਧਾਇਕ ਕੰਬੋਜ ਦੇ ਸਪੁੱਤਰ ਨੇ ਕੀਤੀ ਨਵਜੋਤ ਕੌਰ ਸਿੱਧੂ ਨਾਲ ਮੁਲਾਕਾਤ
ਬਾਗੀ ਵਿਧਾਇਕਾਂ ਦੀ ਸਿੱਧੂ ਨਾਲ ਮੁਲਾਕਾਤ ਕਰਨ ਦਾ ਬੇਸ਼ੱਕ ਪਤਾ ਨਹੀਂ ਲੱਗ ਸਕਿਆ ਪਰ ਇਸ ਦੌਰਾਨ ਜ਼ਿਲਾ ਪਟਿਆਲਾ ਦੀ ਕਾਂਗਰਸ ਕਮੇਟੀ ਦੇ 22 ਸਾਲ ਪ੍ਰਧਾਨ ਰਹੇ ਅਤੇ ਦੂਜੀ ਵਾਰ ਵਿਧਾਇਕ ਬਣੇ ਹਰਦਿਆਲ ਸਿੰਘ ਕੰਬੋਜ ਦੇ ਸਪੁੱਤਰ ਨਿਰਭੈ ਸਿੰਘ ਮਿਲਟੀ ਨੇ ਬੀਬਾ ਨਵਜੋਤ ਕੌਰ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਉਨ੍ਹਾਂ ਬਾਕਾਇਦਾ ਤਸਵੀਰਾਂ ਫੇਸਬੁੱਕ 'ਤੇ ਪੋਸਟ ਕੀਤੀਆਂ। ਨਿਰਭੈ ਸਿੰਘ ਮਿਲਟੀ ਜ਼ਿਲਾ ਪਟਿਆਲਾ ਦਿਹਾਤੀ ਯੂਥ ਕਾਂਗਰਸ ਦੀ ਚੋਣ ਵੀ ਲੜ ਰਹੇ ਹਨ। ਨਿਰਭੈ ਵੱਲੋਂ ਬੀਬਾ ਸਿੱਧੂ ਨਾਲ ਪਾਈਆਂ ਗਈਆਂ ਤਸਵੀਰਾਂ ਤੋਂ ਬਾਅਦ ਸਿਆਸਤ ਕਾਫੀ ਗਰਮ ਹੋ ਗਈ ਅਤੇ ਫੇਸਬੁੱਕ 'ਤੇ ਲੋਕਾਂ ਨੇ ਕਈ ਤਰ੍ਹਾਂ ਦੇ ਚਰਚੇ ਛੇੜ ਦਿੱਤੇ। ਹਾਲਾਂਕਿ ਗੱਲ ਕੀਤੇ ਜਾਣ 'ਤੇ ਨਿਰਭੈ ਸਿੰਘ ਮਿਲਟੀ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਕਾਂਗਰਸ ਪਾਰਟੀ ਦੇ ਆਗੂ ਹਨ। ਉਨ੍ਹਾਂ ਦੇ ਪਤੀ ਅਤੇ ਸਾਬਕਾ ਕ੍ਰਿਕਟਰ ਕਾਂਗਰਸ ਪਾਰਟੀ ਦੇ ਵੱਡੇ ਆਗੂ ਹਨ ਅਤੇ ਮੌਜੂਦਾ ਵਿਧਾਇਕ ਹਨ। ਜੇਕਰ ਉਨ੍ਹਾਂ ਮੁਲਾਕਾਤ ਕਰ ਲਈ ਹੈ ਤਾਂ ਇਸ ਵਿਚ ਕੁਝ ਵੀ ਗਲਤ ਨਹੀਂ।

Shyna

This news is Content Editor Shyna