ਸਰਕਾਰੀ ਸਿਹਤ ਸਹੂਲਤਾਂ ਦੀ ਸੀ ਲੋੜ, ਵਿਧਾਇਕ ਪਰਿਵਾਰ ਨੇ ਚਲਾ ਦਿੱਤਾ ਮੋਬਾਇਲ ਹਸਪਤਾਲ

07/27/2019 6:16:02 PM

ਚੰਡੀਗੜ੍ਹ (ਰਮਨਜੀਤ) : ਟਾਂਡਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਆਪਣੇ ਹਲਕੇ 'ਚ ਸਰਕਾਰੀ ਸਿਹਤ ਸਹੂਲਤਾਂ ਦੀ ਕਮੀ ਦਾ ਮੁੱਦਾ ਕਈ ਵਾਰ ਵਿਧਾਨਸਭਾ 'ਚ ਚੁੱਕਿਆ। ਡਾਕਟਰਾਂ ਦੀਆਂ ਡਿਸਪੈਂਸਰੀਆਂ 'ਚ ਨਿਯੁਕਤੀ ਦੀ ਮੰਗ ਵੀ ਕੀਤੀ ਪਰ ਗੱਲ ਸਿਰੇ ਨਾ ਚੜ੍ਹਦੀ ਵੇਖ, ਗਿਲਜੀਆਂ ਪਰਿਵਾਰ ਨੇ ਲੋਕਾਂ ਨੂੰ ਸਹੂਲਤ ਦੇਣ ਲਈ ਮੋਬਾਇਲ ਹਸਪਤਾਲ ਹੀ ਬਣਾ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਕਤ ਮੋਬਾਈਲ ਹਸਪਤਾਲ ਨੂੰ ਝੰਡੀ ਦਿਖਾਕੇ ਰਵਾਨਾ ਕੀਤਾ। ਗਿਲਜੀਆਂ ਪਰਿਵਾਰ ਵੱਲੋਂ ਚਲਾਏ ਗਏ ਇਸ ਮੋਬਾਇਲ ਹਸਤਪਾਲ 'ਚ 9 ਡਾਕਟਰਾਂ ਦੀ ਟੀਮ ਤੈਨਾਤ ਰਹੇਗੀ ਅਤੇ ਨਾਲ ਦਿੱਤੀ ਜਾਂਚ ਤੋਂ ਲੈਕੇ ਲੈਬ ਟੈਸਟ ਅਤੇ ਦਵਾਈਆਂ ਤੱਕ ਮੁਫਤ ਉਪਲੱਭਧ ਹੋਣਗੀਆਂ। ਅਸਲ 'ਚ ਟਾਂਡਾ ਉੜਮੁੜ ਵਿਧਾਨਸਭਾ ਹਲਕੇ 'ਚ ਇੱਕ ਵੱਡਾ ਇਲਾਕਾ ਕੰਡੀ ਇਲਾਕੇ ਦਾ ਹੈ। ਉੱਥੋਂ ਦੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਉਪਲੱਭਧ ਨਹੀਂ ਹਨ, ਕਿਉਂਕਿ ਜ਼ਿਆਦਾਤਰ ਸਰਕਾਰੀ ਡਿਸਪੈਂਸਰੀਆਂ 'ਚ ਸਟਾਫ ਦੀ ਘਾਟ ਹੈ। ਲੋਕਾਂ ਦੀ ਸਿਹਤ ਸਬੰਧੀ ਜ਼ਰੂਰਤਾਂ ਨੂੰ ਵੇਖਦੇ ਹੋਏ ਗਿਲਜੀਆਂ ਪਰਿਵਾਰ ਨੇ ਮੋਬਾਇਲ ਹਸਪਤਾਲ ਦੀ ਯੋਜਨਾ ਬਣਾਈ ਅਤੇ ਉਸਨੂੰ ਪੂਰਾ ਕਰ ਦਿੱਤਾ।

ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਮਾਤਾ ਪਿਤਾ ਦੀ ਯਾਦ 'ਚ ਇਹ ਆਧੁਨਿਕ ਸਹੂਲਤਾਂ ਨਾਲ ਲੈਸ ਮੋਬਾਇਲ ਹਸਪਤਾਲ ਹਲਕੇ ਦੇ ਲੋਕਾਂ ਨੂੰ ਸਮਰਪਤ ਕਰਨ ਦਾ ਫ਼ੈਸਲਾ ਲਿਆ।  

ਕੈਪਟਨ ਨੇ ਮੋਬਾਇਲ ਹਸਪਤਾਲ ਵੈਨ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਟਾਂਡਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਵੱਲੋਂ ਆਪਣੇ ਮਾਪਿਆਂ ਦੀ ਯਾਦ 'ਚ ਚਲਾਏ ਜਾ ਰਹੇ ਚੈਰੀਟੇਬਲ ਟਰੱਸਟ ਨੂੰ ਦਾਨ ਕੀਤੀ ਮੋਬਾਇਲ ਹਸਪਤਾਲ ਵੈਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨੇ ਚੰਡੀਗੜ੍ਹ 'ਚ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਇਸ ਵੈਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਹਾਜ਼ਰ ਸਨ।  
 

Anuradha

This news is Content Editor Anuradha