ਕਾਂਗਰਸੀ ਵਿਧਾਇਕ ਨੇ ਆਪਣੇ ਹੀ ਮੁੱਖ ਮੰਤਰੀ 'ਤੇ ਚੁੱਕੇ ਸਵਾਲ (ਵੀਡੀਓ)

02/11/2019 6:33:42 PM

ਨਾਭਾ : ਅਮਲੋਹ ਤੋਂ ਕਾਂਗਰਸ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ 'ਤੇ ਸਵਾਲ ਖੜੇ ਕੀਤੇ ਹਨ। ਐਤਵਾਰ ਨੂੰ ਪਟਿਆਲਾ ਵਿਖੇ ਰਮਸਾ ਅਧਿਆਪਕਾਂ 'ਤੇ ਹੋਏ ਲਾਠੀ ਚਾਰਜ 'ਤੇ ਬੋਲਦਿਆ ਰਣਦੀਪ ਨਾਭਾ ਨੇ ਕਿਹਾ ਕਿ ਸਰਕਾਰ ਦੀ ਕੀ ਮਜਬੂਰੀ ਸੀ ਜੋ ਅਧਿਆਪਕਾਂ 'ਤੇ ਲਾਠੀਚਾਰਜ ਕਰਨਾ ਪਿਆ ਜਦਕਿ ਸਭ ਨੂੰ ਜਮਹੂਰੀਅਤ ਵਿਚ ਆਪਣਾ ਹੱਕ ਲੈਣ ਦਾ ਪੂਰਾ ਹੱਕ ਹੈ। ਜੇਕਰ ਅਸੀਂ ਅਧਿਆਪਕਾਂ 'ਤੇ ਲਾਠੀਚਾਰਜ ਕਰਕੇ ਉਨ੍ਹਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਅੱਗ ਕਦੇ ਨਾ ਕਦੇ ਭੜਕੇਗੀ ਹੀ। ਅਧਿਆਪਕਾਂ 'ਤੇ ਲਾਠੀ ਚਾਰਜ ਕਰਵਾਉਣ ਦੀ ਬਜਾਏ ਗੱਲਬਾਤ ਨਾਲ ਇਹ ਮਸਲਾ ਹੱਲ ਕਰਨਾ ਚਾਹੀਦਾ ਸੀ। ਲੋਕ ਸਭਾ ਚੋਣਾਂ 'ਤੇ ਬੋਲਦਿਆਂ ਕਾਕਾ ਰਣਦੀਪ ਨੇ ਕਿਹਾ ਕਿ ਉਨ੍ਹਾਂ ਨੇ ਪਟਿਆਲਾ ਜ਼ਿਲੇ ਤੋਂ ਲੋਕ ਸਭਾ ਲਈ ਦਾਅਵੇਦਾਰੀ ਪੇਸ਼ ਕੀਤੀ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸਪੱਸ਼ਟ ਕੀਤਾ ਸੀ ਕਿ ਇਕ ਪਰਿਵਾਰ ਵਿਚ ਇਕ ਹੀ ਟਿਕਟ ਦਿੱਤੀ ਜਾਵੇਗੀ ਪਰ ਹੁਣ ਸਾਰੇ ਹੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪਟਿਆਲਾ ਤੋਂ ਮੁੱਖ ਮੰਤਰੀ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਵੀ ਦਾਅਵੇਦਾਰੀ ਪੇਸ਼ ਕਰਨ ਰਹੇ ਹਨ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਇਕ ਘਰ ਵਿਚ ਇਕ ਟਿਕਟ ਦੀ ਗੱਲ ਆਖੀ ਸੀ। 
ਕਾਕਾ ਰਣਦੀਪ ਸਿੰਘ ਨੇ ਨਸ਼ੇ 'ਤੇ ਬੋਲਦਿਆਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ਤੇ ਸਰਕਾਰ ਨਸ਼ੇ ਖਤਮ ਕਰਨ ਦੇ ਦਾਅਵੇ ਵੀ ਕਰ ਰਹੀ ਹੈ ਪਰ ਬਾਵਜੂਦ ਇਸ ਦੇ ਨਸ਼ੇ ਦੇ ਰੁਝਾਨ ਖਤਮ ਨਹੀਂ ਹੋਇਆ।

Gurminder Singh

This news is Content Editor Gurminder Singh