ਵਿਧਾਇਕ ਆਸ਼ੂ ਮੰਤਰੀ ਬਣਨਗੇ ਜਾਂ ਉਨ੍ਹਾਂ ਦੀ ਪਤਨੀ ਮੇਅਰ!

03/01/2018 4:24:10 PM

ਲੁਧਿਆਣਾ (ਕੰਵਲਜੀਤ) : ਨਗਰ ਨਿਗਮ ਦੀਆਂ 24 ਫਰਵਰੀ ਨੂੰ ਹੋਈਆਂ ਚੋਣਾਂ ਦੇ ਨਤੀਜੇ 27 ਫਰਵਰੀ ਨੂੰ ਆ ਚੁੱਕੇ ਹਨ। ਅਕਾਲੀ-ਭਾਜਪਾ ਅਤੇ ਬੈਂਸ ਭਰਾ ਇਨ੍ਹਾਂ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਮਿਲੀਆਂ 62 ਸੀਟਾਂ ਨੂੰ ਧੱਕੇਸ਼ਾਹੀ ਕਰਾਰ ਦੇ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਹੀ ਕਿਹਾ ਸੀ ਕਿ ਨਿਗਮ ਚੋਣਾਂ 'ਚ ਜ਼ਿਆਦਾ ਸੀਟਾਂ ਹਾਸਲ ਕਰਨ ਵਾਲੇ ਨੂੰ ਹੀ ਮੇਅਰ ਬਣਾਇਆ ਜਾਵੇਗਾ। ਜੇਕਰ ਇਸ ਗੱਲ 'ਚ ਸੱਚਾਈ ਹੈ ਤਾਂ ਭਾਰਤ ਭੂਸ਼ਣ ਆਸ਼ੂ ਵਿਧਾਇਕ ਦੀ ਪਤਨੀ ਮਮਤਾ ਆਸ਼ੂ, ਜੋ ਕਿ ਲਗਾਤਾਰ ਕੌਂਸਲਰ ਬਣਦੀ ਆ ਰਹੀ ਹੈ, ਨੂੰ ਇਸ ਜਿੱਤ ਦੇ ਇਨਾਮ 'ਚ ਲੁਧਿਆਣਾ ਦੇ ਮੇਅਰ ਦਾ ਅਹੁਦਾ ਮਿਲ ਸਕਦਾ ਹੈ। ਲੁਧਿਆਣਾ 'ਚ ਇਸ ਸਮੇਂ ਵਿਧਾਇਕਾਂ 'ਚ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਵਿਧਾਇਕ ਆਸ਼ੂ ਨੂੰ ਮੰਨਿਆ ਜਾਂਦਾ ਹੈ, ਜੋ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਨਜ਼ਦੀਕੀ ਸਮਝੇ ਜਾਂਦੇ ਹਨ। ਕਾਂਗਰਸੀ ਸੂਤਰਾਂ ਮੁਤਾਬਕ ਪਾਰਟੀ ਦੇ ਸਭ ਤੋਂ ਪੁਰਾਣੇ ਵਿਧਾਇਕ ਰਾਕੇਸ਼ ਪਾਂਡੇ ਦਾ ਨਾਂ ਵੀ ਮੰਤਰੀ ਅਹੁਦੇ 'ਤੇ ਚਰਚਾ 'ਚ ਹੈ।