''ਆਪ'' ਵਿਧਾਇਕ ''ਤੇ ਹੋਏ ਹਮਲੇ ਨੂੰ ਲੈ ਕੇ ਤੁਰੰਤ ਬੁਲਾਇਆ ਜਾਵੇ ਵਿਧਾਨ ਸਭਾ ਸੈਸ਼ਨ: ਖਹਿਰਾ

06/23/2018 3:07:17 PM

ਰੂਪਨਗਰ (ਵਿਜੇ)— ਆਮ ਆਦਮੀ ਪਾਰਟੀ ਨੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਕਾਤਲਾਨਾ ਹਮਲੇ ਅਤੇ ਪੰਜਾਬ 'ਚ ਮਾਈਨਿੰਗ ਮਾਫੀਆ ਖਤਮ ਕਰਨ ਲਈ 25 ਜੂਨ ਨੂੰ ਰੂਪਨਗਰ 'ਚ ਇਕ ਸੂਬਾ ਪੱਧਰੀ ਵਿਸ਼ਾਲ ਧਰਨਾ ਦੇਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ 'ਚ 'ਆਪ' ਪਾਰਟੀ ਵੱਲੋਂ ਇਕ ਰੋਸ ਧਰਨੇ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਉੱਪ ਪ੍ਰਧਾਨ ਡਾ. ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਦੀ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕਰਦੀ ਹੈ ਅਤੇ ਇਸ ਸਬੰਧ 'ਚ ਫਰਾਰ ਹੋਏ ਦੋ ਦੋਸ਼ੀ ਅਜਵਿੰਦਰ ਸਿੰਘ ਅਤੇ ਬਚਿੱਤਰ ਸਿੰਘ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦੀ ਹੈ। 
ਉਨ੍ਹਾਂ ਨੇ ਕਿਹਾ ਕਿ 'ਆਪ' ਵਰਕਰਾਂ 'ਚ ਇਸ ਧਰਨੇ ਨੂੰ ਲੈ ਕੇ ਰੋਸ ਹੈ ਅਤੇ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਜਿਲੇ 'ਚ ਇਕ ਵਿਧਾਇਕ ਸੁਰੱਖਿਅਤ ਨਹੀਂ, ਜਿਸ ਦੇ ਕੋਲ ਪੁਲਸ ਦੇ ਗੰਨਮੈਨ ਵੀ ਹਨ ਤਾਂ ਫਿਰ ਆਮ ਆਦਮੀ ਦੀ ਸੁਰੱਖਿਆ ਕਿਵੇਂ ਹੋ ਸਕਦੀ ਹੈ। ਇਸ ਕਾਰਨ ਲੋਕਾਂ 'ਚ ਡਰ ਦਾ ਮਹੌਲ ਬਣਿਆ ਹੋਇਆ ਹੈ ਅਤੇ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ। 
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸ਼ਾਇਦ ਅਜਿਹਾ ਪਹਿਲੀ ਵਾਰ ਹੈ ਕਿ ਕਿਸੇ ਵਿਧਾਇਕ 'ਤੇ ਮਾਫੀਆ ਨੇ ਇਸ ਤਰ੍ਹਾਂ ਦਾ ਹਮਲਾ ਕੀਤਾ ਹੋਵੇ। ਜਿਸ ਦੀ ਉਹ ਸਖਤ ਨਿੰਦਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸੰਦੋਆ ਦੀ ਪੱਗੜੀ ਜਾਣਬੁੱਝ ਕੇ ਉਛਾਲੀ ਗਈ ਹੈ ਜੋ ਕਿ ਸਿੱਖ ਪ੍ਰੰਪਰਾਵਾਂ ਦੇ ਅਨੁਸਾਰ ਮਰਿਆਦਾ ਦੇ ਉਲਟ ਹੈ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ 'ਚ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਅਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਤੁਰੰਤ ਇਕ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਤਾਂ ਕਿ ਤਾਜਾ ਸਥਿਤੀ 'ਤੇ ਖੁੱਲ੍ਹੀ ਬਹਿਸ ਹੋ ਸਕੇ।
ਉਨ੍ਹਾਂ ਨੇ ਕਿਹਾ ਕਿ ਜੇਕਰ ਅਕਾਲੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਦੀ ਪੱਗੜੀ ਇਸ ਤਰ੍ਹਾਂ ਉਤਾਰੀ ਜਾਂਦੀ ਤਾਂ ਸ੍ਰੀ ਅਕਾਲ ਤਖਤ ਜਥੇਦਾਰ ਤੁਰੰਤ ਕਾਰਵਾਈ ਕਰਦੇ ਅਤੇ ਉਹ ਘਟਨਾ ਸਥਾਨ ਤੇ ਪਹੁੰਚਦੇ ਪਰ ਇਹ 'ਆਪ' ਵਿਧਾਇਕ ਦੀ ਪੱਗੜੀ ਹੈ, ਜਿਸ 'ਤੇ ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਸੰਸਥਾ ਕੋਈ ਕਾਰਵਾਈ ਨਹੀਂ ਕਰ ਰਹੀ। ਕਿਸੇ ਵੀ ਸਿੱਖ ਦੀ ਪੱਗੜੀ ਜੇਕਰ ਇਸ ਤਰ੍ਹਾਂ ਉਤਾਰੀ ਜਾਂਦੀ ਹੈ ਤਾਂ ਸ੍ਰੀ ਅਕਾਲ ਤਖਤ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਸਿਟੀ ਥਾਣਾ ਰੂਪਨਗਰ 'ਚ 'ਆਪ' ਕਾਰਜਕਰਤਾ ਹਜੂਰਾ ਸਿੰਘ ਅਤੇ ਉਨ੍ਹਾਂ ਦੇ ਪੁੱਤਰਾਂ ਦੀ ਪੱਗੜੀ ਵੀ ਉਤਾਰੀ ਗਈ ਸੀ। ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਅਜਿਹਾ ਲੱਗਦਾ ਹੈ ਕਿ ਹੁਣ ਪੱਗੜੀ ਉਤਾਰਨਾ ਆਮ ਗੱਲ ਹੋ ਗਈ। 
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੱਗੜੀ ਉਤਾਰਨ ਦੇ ਮਾਮਲੇ ਨੂੰ ਗੰਭੀਰ ਰੂਪ 'ਚ ਨਾ ਲਿਆ ਗਿਆ ਤਾਂ ਸਿੱਖਾਂ ਦੀ ਮਾਣ ਮਰਿਆਦਾ ਨੂੰ ਬਚਾਉਣਾ ਮੁਸ਼ਕਿਲ ਹੋ ਸਕਦਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਕਾਲੀ ਭਾਜਪਾ ਸਰਕਾਰ ਦੇ ਪਿੱਛੇ 10 ਸਾਲ ਦੇ ਸਮੇਂ 'ਚ ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ, ਟ੍ਰਾਂਸਪੋਰਟ ਮਾਫੀਆ, ਕੇਬਲ ਮਾਫੀਆ ਆਦਿ ਨੇ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਹੁਣ ਕਾਂਗਰਸ ਸਰਕਾਰ ਉਸ ਨੂੰ ਰੋਕਣ 'ਚ ਬੁਰੀ ਤਰ੍ਹਾਂ ਅਸਫਲ ਹੋ ਰਹੀ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਸ਼ਨ ਦੇ ਸ਼ੁਰੂ 'ਚ ਸ੍ਰੀ ਗੁਟਕਾ ਸਾਹਿਬ ਚੁੱਕ ਕੇ ਸਹੁੰ ਖਾਧੀ ਸੀ ਕਿ ਉਹ ਪੰਜਾਬ ਤੋਂ ਨਸ਼ਾ ਅਤੇ ਮਾਈਨਿੰਗ ਮਾਫੀਆ ਨੂੰ ਇਕ ਹਫਤੇ 'ਚ ਸਮਾਪਤ ਕਰ ਦੇਣਗੇ ਜਦਕਿ ਹੁਣ ਇਕ ਸਾਲ ਤੋ ਵੱਧ ਸਮਾਂ ਹੋ ਚੁੱਕਾ ਹੈ ਅਤੇ ਕੋਈ ਕਾਰਵਾਈ ਨਹੀ ਹੋਈ। ਪੰਜਾਬ 'ਚ ਰੇਤ ਅਤੇ ਪੱਥਰਾਂ ਦੀਆਂ ਖੱਡਾਂ ਪ੍ਰਾਪਤ ਕਰਨ ਲਈ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਇਕ ਨਪਾਲੀ ਨੌਕਰ ਦੇ ਨਾਂ ਤੇ 50 ਕਰੋੜ ਰੁਪਏ ਜਮ੍ਹਾ ਕਰਵਾਇਆ ਸੀ ਅਤੇ ਪੰਜਾਬ 'ਚ ਆਪਣਾ ਖਣਨ ਕਾਰੋਬਾਰ ਸ਼ੁਰੂ ਕਰਨ ਦਾ ਯਤਨ ਕੀਤਾ ਸੀ। ਇਸ ਕਾਰਨ ਉਸ ਨੂੰ ਮੰਤਰੀ ਪਦ ਤੋ ਹੱਥ ਧੋਣਾ ਪਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਨਾ ਤਾਂ ਰਾਣਾ ਗੁਰਜੀਤ ਦੇ ਵਿਰੁੱਧ ਕਾਰਵਾਈ ਕੀਤੀ ਅਤੇ ਨਾ ਹੀ ਨੇਪਾਲੀ ਨੌਕਰ ਅਤੇ ਕਾਰਵਾਈ ਕਿ ਉਸ ਦੇ ਕੋਲ ਐਨੀ ਵੱਡੀ ਰਕਮ ਕਿੱਥੋਂ ਆਈ ਜਦਕਿ ਆਮਦਨ ਕਰ ਅਤੇ ਹੋਰ ਵਿਭਾਗ ਆਮ ਵਿਅਕਤੀ ਦੀ ਤੁਰੰਤ ਛਾਪੇਮਾਰੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਤੋਂ ਬਾਹਰ ਬੈਠਾ ਐੱਨ. ਆਰ. ਆਈ. ਅਤੇ ਉਦਯੋਗਪਤੀ ਪੰਜਾਬ 'ਚ ਨਿਵੇਸ਼ ਕਰਨ ਤੋਂ ਹੁਣ ਘਬਰਾ ਰਿਹਾ ਹੈ ਕਿਉਂਕਿ ਪੰਜਾਬ 'ਚ ਨਾ ਕੋਈ ਵਿਧਾਇਕ ਅਤੇ ਅਧਿਕਾਰੀ ਸੁਰੱਖਿਅਤ ਹੈ ਤਾਂ ਕੋਈ ਵਿਅਕਤੀ ਪੰਜਾਬ 'ਚ ਕਰੋੜਾਂ ਰੁਪਏ ਦਾ ਨਿਵੇਸ਼ ਕਿਉਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੰਜਾਬ ਦੀ ਆਰਥਿਕ ਹਾਲਤ ਹੋਰ ਵੀ ਕਮਜ਼ੋਰ ਹੋਵੇਗੀ। 
ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਮਾਫੀਆ ਅਤੇ ਰਾਜਨੀਤਕ ਨੇਤਾਵਾਂ 'ਚ ਮਿਲੀ ਭੁਗਤ ਹੈ ਕਿਉਂਕਿ ਰਾਜਨੀਤਕ ਸੰਰਕਸ਼ਣ ਦੇ ਬਗੈਰ ਕੋਈ ਵੀ ਮਾਫੀਆ ਪੰਜਾਬ 'ਚ ਕੰਮ ਨਹੀ ਕਰ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਰਾਜ 'ਚ ਇਹ ਤਹਿ ਹੋਇਆ ਸੀ ਕਿ 80 ਫੀਸਦੀ ਹਿੱਸਾ ਸੱਤਾਧਾਰੀ ਪਾਰਟੀ ਦਾ ਹੋਵੇਗਾ ਅਤੇ 20 ਫੀਸਦੀ ਕਾਂਗਰਸ ਦਾ ਹੋਵੇਗਾ। ਇਸ ਲਈ ਹੁਣ ਮਾਮਲਾ ਉਲਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਲੋਕਤੰਤਰ ਪ੍ਰਣਾਲੀ 'ਚ ਵਪਾਰੀ ਅਤੇ ਮਾਫੀਆ ਦੇ ਲੋਕ ਘੁਸ ਚੁੱਕੇ ਹਨ ਅਤੇ ਉਹ ਲੋਕਾਂ ਨੂੰ ਪੈਸੇ ਦੇ ਕੇ ਵੋਟ ਪ੍ਰਾਪਤ ਕਰਦੇ ਹਨ ਅਤੇ ਉਹ ਵਿਧਾਨ ਸਭਾ ਅਤੇ ਲੋਕ ਸਭਾ ਅਤੇ ਰਾਜ ਸਭਾ 'ਚ ਪਹੁੰਚ ਜਾਂਦੇ ਹਨ। ਜਿਸ ਕਾਰਨ ਹੁਣ ਮਾਫੀਆ ਨੂੰ ਇਨ੍ਹਾਂ ਲੋਕਾਂ ਦਾ ਥਾਪੜਾ ਹੈ। ਇਹ ਆਪਣੀ ਚੋਣ 'ਤੇ 5 ਕਰੋੜ ਰੁਪਏ ਖਰਚ ਕਰਕੇ 800 ਕਰੋੜ ਰੁਪਏ ਬਣਾ ਰਹੇ ਹਨ, ਜਿਸ ਕਾਰਨ ਚੋਣ ਪ੍ਰਣਾਲੀ ਨੂੰ ਨਕਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੁਆਬਾ 'ਚ ਸਿਰਫ ਸਰਪੰਚ ਦੀ ਇਲੈਕਸ਼ਨ ਲਈ 25 ਲੱਖ ਰੁਪਏ ਖਰਚ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਪੰਚ 25 ਲੱਖ, ਐੱਮ. ਐੱਲ. ਏ. 5 ਕਰੋੜ, ਐੱਮ. ਪੀ. ਇਸ ਤੋਂ ਵੀ ਵੱਧ ਪੈਸੇ ਖਰਚ ਕਰਕੇ ਨੇਤਾ ਬਣੇਗਾ ਤਾਂ ਉਹ ਜਨਤਾ ਦੀ ਸੇਵਾ ਕੀ ਕਰ ਸਕੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਾਲੇ ਤੱਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਨੂੰ ਹੱਲ ਕਰਨ 'ਚ ਬੁਰੀ ਤਰਾਂ ਅਸਫਲ ਹੋਈ ਹੈ ਅਤੇ ਲੋਕਾਂ ਦਾ ਭਰੋਸਾ ਕਾਂਗਰਸ ਸਰਕਾਰ ਤੋਂ ਉੱਠਦਾ ਜਾ ਰਿਹਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਅਪ੍ਰੈਲ 1983 'ਚ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਿੱਜੀ ਹਿਤਾਂ ਨੂੰ ਲੈ ਕੇ ਭਾਰਤੀ ਸੰਵਿਧਾਨ ਨੂੰ ਜਲਾਇਆ ਸੀ ਅਤੇ ਉਸ ਦੇ ਬਾਅਦ ਉਸੇ ਸੰਵਿਧਾਨ ਦੀ ਸਹੁੰ ਖਾ ਕੇ ਮੁੱਖ ਮੰਤਰੀ ਬਣੇ। ਉਨ੍ਹਾਂ ਫਿਰ ਯਾਦ ਦਿਵਾਇਆ ਕਿ ਕੁਝ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਰਾਂਹੀ ਨਵਾਂਸ਼ਹਿਰ ਦੀਆਂ ਛੇ ਖੱਡਾਂ ਦਾ ਨਿਰੀਖਣ ਕੀਤਾ ਸੀ ਅਤੇ ਕਿਹਾ ਸੀ ਕਿ ਇਨ੍ਹਾਂ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜੋ ਹਾਲੇ ਤੱਕ ਨਹੀ ਹੋਈ, ਕਿਉਂਕਿ ਇਨਾਂ 'ਚ ਕਾਂਗਰਸੀ ਨੇਤਾ ਸ਼ਾਮਲ ਸੀ। ਧਰਨੇ ਦੇ ਬਾਅਦ ਆਮ ਆਦਮੀ ਪਾਰਟੀ ਨੇ ਡੀ.ਸੀ. ਦਫਤਰ ਦੇ ਸਾਹਮਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਜਲਾ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਵਿਧਾਇਕ ਬਲਦੇਵ ਸਿੰਘ ਜੈਤੋਂ, ਵਿਧਾਇਕ ਬੁੱਧਰਾਮ ਪ੍ਰਿੰ. ਬੁਢਲਾਡਾ, ਵਿਧਾਇਕ ਜਗਦੇਵ ਸਿੰਘ ਕਮਾਲੂ ਮੌੜ ਮੰਡੀ, ਕੁਲਵੰਤ ਸਿੰਘ ਪੰਡੇਰੀ ਵਿਧਾਇਕ ਮਾਹਲ ਕਲਾਂ ਅਤੇ ਹੋਰ ਸ਼ਾਮਲ ਸਨ।