ਜਨਰਲ ਸਮਾਜ ਦੇ ਲੋਕਾਂ ਨਾਲ ਗਾਲੀ-ਗਲੋਚ, ਵਾਹਨਾਂ ਦੀ ਕੀਤੀ ਭੰਨ-ਤੋੜ

05/11/2018 2:44:25 AM

ਫਗਵਾੜਾ, (ਜਲੋਟਾ, ਹਰਜੋਤ, ਰੁਪਿੰਦਰ ਕੌਰ)— 13 ਅਪ੍ਰੈਲ ਨੂੰ ਫਗਵਾੜਾ ਵਿਚ ਭੜਕੀ ਜਾਤੀ ਹਿੰਸਾ ਦੇ ਬਾਅਦ ਇਕ ਵਾਰ ਫਿਰ ਸ਼ਹਿਰ ਵਿਚ ਤਣਾਅ ਉਸ ਸਮੇਂ ਪੈਦਾ ਹੋ ਗਿਆ, ਜਦੋਂ ਰਾਤੀਂ ਪੁਰਾਣੇ ਸ਼ਹਿਰ ਦੇ ਨਾਂ ਨਾਲ ਜਾਣੇ ਜਾਂਦੇ ਹਦੀਆਬਾਦ ਇਲਾਕੇ ਵਿਚ ਕੁਝ ਲੋਕਾਂ ਨੇ ਜਨਰਲ ਸਮਾਜ ਦੇ ਲੋਕਾਂ ਨੂੰ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਗਾਲੀ ਗਲੋਚ ਕੀਤਾ ਅਤੇ ਇਸ ਦੇ ਬਾਅਦ ਇਲਾਕੇ ਵਿਚ ਖੜ੍ਹੇ 3 ਵਾਹਨਾਂ 'ਤੇ ਪੱਥਰਬਾਜ਼ੀ ਕਰ ਕੇ ਭੰਨ-ਤੋੜ ਕੀਤੀ। 

ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੇ ਵਾਪਰੀ ਘਟਨਾ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਨੇ ਮਾਮਲੇ ਨੂੰ ਲੈ ਕੇ ਦੋਸ਼ੀ ਧਿਰ ਦੇ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਥਾਣਾ ਸਤਨਾਮਪੁਰਾ ਦੇ ਸ਼ਿਕਾਇਤਕਰਤਾ ਪੁਨੀਤ ਭਾਰਦਵਾਜ ਪੁੱਤਰ ਅਸ਼ਵਨੀ ਭਾਰਦਵਾਜ ਵਾਸੀ ਕੁਮਰਾ ਮੁਹੱਲਾ ਹਾਦੀਆਬਾਦ ਫਗਵਾੜਾ ਨੇ ਖੁਲਾਸਾ ਕੀਤਾ ਹੈ ਕਿ ਬੀਤੀ ਰਾਤ 10.15 ਵਜੇ ਉਨ੍ਹਾਂ ਨੇ ਇਲਾਕੇ ਵਿਚ ਉੱਚੀ ਆਵਾਜ਼ ਵਿਚ ਲੋਕਾਂ ਨੂੰ ਗਾਲੀ-ਗਲੋਚ ਕਰਦੇ ਹੋਏ ਸੁਣਿਆ। ਇਸ ਤੋਂ ਬਾਅਦ ਉਨ੍ਹਾਂ ਦੀ ਮਾਤਾ ਨੀਲਮ ਭਾਰਦਵਾਜ ਵੀ ਬਾਹਰ ਆ ਗਈ। ਜਦੋਂ ਉਨ੍ਹਾਂ ਨੇ ਦੇਖਿਆ ਕਿ 8-9 ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਸਨ। ਜੋ ਘਰ ਦੇ ਬਾਹਰ ਪਏ ਗਮਲਿਆਂ ਦੀ ਭੰਨ-ਤੋੜ ਕਰ ਰਹੇ ਸਨ। ਜਦ ਉਨ੍ਹਾਂ ਦੀ ਮਾਤਾ ਨੇ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਗਾਲੀ ਗਲੋਚ ਕਰਦੇ ਹੋਏ ਅੱਗੇ ਤੁਰ ਪਏ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਉਕਤ ਵਿਅਕਤੀਆਂ ਨੇ ਮਿੰਟੂ ਪੁੱਤਰ ਕਿਸ਼ਨ ਚੰਦ ਵਰਮਾ ਵਾਸੀ ਮੁਹੱਲਾ ਦੁਗਲਾ ਨਜ਼ਦੀਕ ਬਿਜਲੀ ਘਰ ਹਦੀਆਬਾਦ ਦੇ ਦੁਕਾਨ ਦੇ ਬਾਹਰ ਖੜ੍ਹੀ ਜੀਪ ਦੇ ਸ਼ੀਸ਼ੇ ਵੀ ਤੋੜੇ ਹਨ।
ਇਸੇ ਤਰ੍ਹਾਂ ਉਨ੍ਹਾਂ ਦੀ ਇੰਡੀਕਾ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ ਗਿਆ। ਉਧਰ, ਮਹੇਸ਼ ਭਾਟੀਆ ਵਾਸੀ ਡੀਡੀਆ ਮੁਹੱਲਾ ਹਦੀਆਬਾਦ ਦੀ ਸੈਂਟਰੋ ਕਾਰ ਦਾ ਸ਼ੀਸ਼ਾ ਤੋੜਿਆ। ਪੁਲਸ ਨੇ ਉਕਤ ਵਿਅਕਤੀਆਂ ਵਿਚੋਂ ਇਕ ਦੀ ਪਛਾਣ ਕਰਦੇ ਹੋਏ ਅਤੇ ਉਸਦੇ ਬਾਕੀ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਖਬਰ ਲਿਖੇ ਜਾਣ ਤਕ ਪੁਲਸ ਨੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਨਹੀਂ ਹੈ। ਪੁਲਸ ਦਾ ਦਾਅਵਾ ਸੀ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ। 
ਇਸ ਦੌਰਾਨ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੇ ਕਿਹਾ ਕਿ ਉਕਤ  ਮਾਮਲੇ ਵਿਚ ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਉਥੇ ਹੀ ਘਟਨਾਕ੍ਰਮ ਦੇ ਬਾਅਦ ਜਨਰਲ ਸਮਾਜ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਕਤ ਲੋਕ ਫਗਵਾੜਾ ਪੁਲਸ ਅਤੇ ਪ੍ਰਸ਼ਾਸਨ 'ਤੇ ਕਈ ਦੋਸ਼ ਲਾ ਕੇ ਕਹਿ ਰਹੇ ਹਨ ਕਿ ਜਨਰਲ ਸਮਾਜ ਦੇ ਲੋਕਾਂ ਦੇ ਹਿੱਤਾਂ ਨੂੰ ਸਰਕਾਰੀ ਪੱਧਰ 'ਤੇ ਅਣਦੇਖਿਆ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ  ਪੁਲਸ ਨੇ ਹਾਦੀਆਬਾਦ ਇਲਾਕੇ ਵਿਚ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਹੈ ਅਤੇ ਪੁਲਸ ਦੇ ਦਸਤੇ ਬਣੇ ਹੋਏ ਹਾਲਾਤ 'ਤੇ ਸਖ਼ਤ ਨਜ਼ਰ ਰੱਖ ਰਹੇ ਹਨ।