ਸ਼ੱਕੀ ਹਾਲਾਤ ''ਚ ਲਾਪਤਾ ਬੱਚੀ ਅੰਬਾਲਾ ਤੋਂ ਬਰਾਮਦ

07/24/2017 6:12:10 AM

ਲੁਧਿਆਣਾ,(ਪੰਕਜ)- 21 ਜੁਲਾਈ ਨੂੰ ਘਰ ਤੋਂ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਦੌਰਾਨ ਸ਼ੱਕੀ ਹਾਲਾਤ 'ਚ ਲਾਪਤਾ ਹੋਈ 10 ਸਾਲਾ ਬੱਚੀ ਦੇ ਅੰਬਾਲਾ ਸਥਿਤ ਆਸ਼ਿਆਨਾ ਆਰਫਨ ਹਾਊਸ ਵਿਚ ਹੋਣ ਦੀ ਖਬਰ ਹੈ। ਇਸਦੀ ਪੁਸ਼ਟੀ ਕਰਦੇ ਹੋਏ ਥਾਣਾ ਮਾਡਲ ਟਾਊਨ ਇੰਚਾਰਜ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਸੋਮਵਾਰ ਨੂੰ ਪੁਲਸ ਬੱਚੀ ਨੂੰ ਉਥੋਂ ਲਿਆ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦੇਵੇਗੀ। 
ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਕੋਲ ਰਹਿਣ ਵਾਲੇ ਮਨਥੂਰ ਦੀ ਬੇਟੀ ਹਸੀਨਾ ਸ਼ਨੀਵਾਰ ਨੂੰ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਸੀ, ਉਥੇ ਉਹ ਦਿੱਲੀ ਜਾਣ ਵਾਲੀ ਟਰੇਨ ਵਿਚ ਚੜ੍ਹ ਗਈ ਅਤੇ ਅੰਬਾਲਾ ਪਹੁੰਚ ਗਈ। ਛੋਟੀ ਬੱਚੀ ਨੂੰ ਰੇਲਵੇ ਸਟੇਸ਼ਨ 'ਤੇ ਇਕੱਲੇ ਘੁੰਮਦੇ ਦੇਖ ਸਥਾਨਕ ਪੁਲਸ ਨੇ ਉਸ ਨੂੰ ਸੁਰੱਖਿਆ ਪੰਚਕੂਲਾ ਸਥਿਤ ਆਰਫਨ ਹਾਊਸ ਵਿਚ ਭੇਜ ਦਿੱਤਾ ਅਤੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਮੈਸੇਜ ਪਾ ਦਿੱਤਾ।
ਉਧਰ ਬੇਟੀ ਦੇ ਗਾਇਬ ਹੋਣ 'ਤੇ ਉਸ ਦੇ ਪਿਤਾ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਮਾਡਲ ਟਾਊਨ ਪੁਲਸ ਨੇ ਵੀ ਉਸ ਦੇ ਗੁੰਮ ਹੋਣ ਦੀ ਖ਼ਬਰ ਵਟਸਐਪ 'ਤੇ ਪਾ ਦਿੱਤੀ। ਐੱਸ. ਐੱਚ. ਓ. ਚੋਪੜਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਲੜਕੀ ਦਾ ਪਤਾ ਲੱਗ ਗਿਆ ਹੈ, ਜਿਸ ਨੂੰ ਕੱਲ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।