ਅਮਰੀਕਾ ਜਾਣ ਦੀ ਕੋਸ਼ਿਸ਼ ''ਚ ਕਪੂਰਥਲਾ ਨਾਲ ਸਬੰਧਤ 2 ਨੌਜਵਾਨਾਂ ਸਮੇਤ 20 ਦੇ ਡੁੱਬਣ ਦੇ ਮਾਮਲੇ ਨੇ ਫੈਲਾਈ ਦਹਿਸ਼ਤ

11/06/2017 6:50:51 PM

ਕਪੂਰਥਲਾ (ਭੂਸ਼ਣ)— ਜ਼ਿਲਾ ਕਪੂਰਥਲਾ ਨਾਲ ਸਬੰਧਤ 2 ਨੌਜਵਾਨਾਂ ਸਮੇਤ ਦੋਆਬਾ ਖੇਤਰ ਨਾਲ ਸਬੰਧਤ 20 ਨੌਜਵਾਨਾਂ ਦੇ ਅਮਰੀਕਾ ਜਾਣ ਦੀ ਕੋਸ਼ਿਸ਼ 'ਚ ਦੱਖਣੀ ਅਮਰੀਕੀ ਦੇਸ਼ ਬਾਹਾਮਾਸ ਦੇ ਡੂੰਘੇ ਸਮੁੰਦਰ 'ਚ ਡੁੱਬਣ ਦੀਆਂ ਚਰਚਾਵਾਂ ਨੇ ਜਿੱਥੇ ਸਬੰਧਤ ਨੌਜਵਾਨਾਂ ਦੇ ਰਿਸ਼ਤੇਦਾਰਾਂ 'ਚ ਆਪਣੇ ਬੱਚਿਆਂ ਲਈ ਸਲਾਮਤੀ ਨੂੰ ਲੈ ਕੇ ਭਾਰੀ ਚਿੰਤਾ ਪੈਦਾ ਕਰ ਦਿੱਤੀ ਹੈ, ਉਥੇ ਹੀ ਇਨ੍ਹਾਂ ਖਬਰਾਂ ਨੂੰ ਵੇਖਦੇ ਹੋਏ ਹਰਕਤ 'ਚ ਆਈ ਜ਼ਿਲਾ ਪੁਲਸ ਨੇ ਇਨ੍ਹਾਂ ਨੌਜਵਾਨਾਂ ਨੂੰ ਬਾਹਾਮਾਸ ਭੇਜਣ ਵਾਲੇ ਟ੍ਰੈਵਲ ਏਜੰਟ ਨੂੰ ਪੁੱਛਗਿੱਛ ਲਈ ਏ. ਐੱਸ. ਪੀ. ਦਫਤਰ ਭੁਲੱਥ 'ਚ ਤਲਬ ਕੀਤਾ ਹੈ, ਤਾਂਕਿ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਆ ਸਕੇ।   
ਨਵੀਂ ਦਿੱਲੀ ਤੋਂ ਬਾਹਾਮਾਸ ਲਈ ਨਿਕਲੇ ਸਨ ਲਾਪਤਾ ਨੌਜਵਾਨ
ਜ਼ਿਲਾ ਦੇ ਭੁਲੱਥ ਤੇ ਕਪੂਰਥਲਾ ਸਬ-ਡਿਵੀਜ਼ਨ ਨਾਲ ਸਬੰਧਤ 2 ਨੌਜਵਾਨਾਂ ਸਮੇਤ ਦੋਆਬਾ ਖੇਤਰ ਨਾਲ ਸਬੰਧ ਰੱਖਣ ਵਾਲੇ 20 ਨੌਜਵਾਨਾਂ ਨੂੰ ਕੁਝ ਟ੍ਰੈਵਲ ਏਜੰਟਾਂ ਨੇ ਕਰੀਬ 30-30 ਲੱਖ ਰੁਪਏ ਦੀ ਰਕਮ ਲੈ ਕੇ ਅਮਰੀਕਾ ਭੇਜਣ ਦਾ ਝਾਂਸਾ ਦਿੰਦੇ ਹੋਏ ਨਵੀਂ ਦਿੱਲੀ ਤੋਂ ਦੱਖਣੀ ਅਮਰੀਕੀ ਦੇਸ਼ ਬਾਹਾਮਾਸ ਭੇਜਿਆ ਸੀ। ਜਿੱਥੇ ਨੌਜਵਾਨਾਂ ਦਾ ਅਗਸਤ ਮਹੀਨਾ 'ਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਵੀ ਹੋਇਆ ਸੀ ਪਰ ਰਿਸ਼ਤੇਦਾਰ ਮੁਤਾਬਕ ਨੌਜਵਾਨ 7-8 ਮਹੀਨੇ ਤੱਕ ਬਾਹਮਾਸ 'ਚ ਰਹਿਣ ਦੇ ਬਾਵਜੂਦ ਵੀ ਅਮਰੀਕਾ ਨਹੀਂ ਪਹੁੰਚ ਪਾਏ ਸਨ ਪਰ ਬੀਤੇ 3 ਮਹੀਨਿਆਂ ਤੋਂ ਸਬੰਧਤ ਨੌਜਵਾਨਾਂ ਦਾ ਕੋਈ ਸੁਰਾਗ ਨਾ ਲੱਗਣ ਦੇ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਰੇ ਨੌਜਵਾਨਾਂ ਦੇ ਅਮਰੀਕਾ ਜਾਣ ਦੀ ਕੋਸ਼ਿਸ਼ 'ਚ ਸਮੁੰਦਰ 'ਚ ਡੁੱਬਣ ਦੀ ਖਬਰ ਵੀ ਮਿਲੀ ਸੀ। ਜਿਸ ਨੂੰ ਲੈ ਕੇ ਸਬੰਧਤ ਪਰਿਵਾਰਾਂ 'ਚ ਭਾਰੀ ਦਹਿਸ਼ਤ ਫੈਲ ਗਈ ਸੀ।   
ਜ਼ਿਲੇ ਸਮੇਤ ਦੋਆਬਾ ਨਾਲ ਸਬੰਧਤ ਕਈ ਨੌਜਵਾਨ ਹੋ ਚੁੱਕੇ ਹਨ ਮੌਤ ਦਾ ਸ਼ਿਕਾਰ
ਵਿਦੇਸ਼ ਜਾਣ ਦੀ ਹਸਰਤ ਨੇ ਪਹਿਲਾਂ ਵੀ ਜ਼ਿਲਾ ਕਪੂਰਥਲਾ ਸਮੇਤ ਦੋਆਬਾ ਖੇਤਰ ਨਾਲ ਸੰਬੰਧ ਰੱਖਣ ਵਾਲੇ ਵੱਡੀ ਗਿਣਤੀ 'ਚ ਨੌਜਵਾਨ ਡੂੰਘੇ ਸਮੁੰਦਰ 'ਚ ਡੁੱਬ ਕੇ ਆਪਣੀ ਜਾਨ ਦੇ ਚੁੱਕੇ ਹਨ। ਜਿਨ੍ਹਾਂ ਦਾ ਹਾਲੇ ਤਕ ਕੋਈ ਸੁਰਾਗ ਨਹੀਂ ਮਿਲਿਆ। ਸਾਲ 2004 'ਚ ਜ਼ਿਲਾ ਕਪੂਰਥਲਾ ਸਮੇਤ ਦੋਆਬਾ ਖੇਤਰ ਨਾਲ ਸੰਬੰਧ ਰੱਖਣ ਵਾਲੇ 26 ਨੌਜਵਾਨ ਯੂਰਪੀਅਨ ਦੇਸ਼ ਸਪੇਨ ਜਾਣ ਦੀ ਕੋਸ਼ਿਸ਼ 'ਚ ਮੋਰੱਕੋ ਦੇ ਨਜ਼ਦੀਕ ਡੂੰਘੇ ਸਮੁੰਦਰ ਵਿਚ ਡੁੱਬ ਗਏ ਸਨ। ਜਿਸ ਨੂੰ ਲੈ ਕੇ ਕਪੂਰਥਲਾ ਪੁਲਸ ਨੇ ਕਈ ਟ੍ਰੈਵਲ ਏਜੰਟਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ। ਉਥੇ ਹੀ ਕੁਝ ਸਾਲ ਪਹਿਲਾਂ ਵੀ ਕਪੂਰਥਲਾ ਜ਼ਿਲਾ ਸਮੇਤ ਦੋਆਬਾ ਖੇਤਰ ਨਾਲ ਸਬੰਧਤ ਕੁਝ ਨੌਜਵਾਨਾਂ ਦੇ ਅਮਰੀਕਾ ਜਾਣ ਦੀ ਕੋਸ਼ਿਸ਼ 'ਚ ਦੱਖਣੀ ਅਮਰੀਕਾ ਦੀ ਪਨਾਮਾ ਨਹਿਰ 'ਚ ਡੁੱਬ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ । ਇਸ ਦੇ ਬਾਵਜੂਦ ਵੀ ਅਜਿਹੇ ਮਾਮਲੇ ਬੰਦ ਹੋਣ ਦਾ ਨਾਮ ਨਹੀਂ ਲੈ ਰਹੇ ਹਨ। ਗੌਰ ਹੋਵੇ ਕਿ ਅਮਰੀਕਾ ਜਾਣ ਲਈ ਟ੍ਰੈਵਲ ਏਜੰਟ ਬਾਹਾਮਾਸ ਤੋਂ ਅਮਰੀਕੀ ਸ਼ਹਿਰ ਮਿਆਮੀ, ਪਨਾਮਾ ਅਤੇ ਮੈਕਸੀਕੋ ਤੋਂ ਅਮਰੀਕੀ ਸੂਬੇ ਟੈਕਸਾਸ ਜਾਣ ਲਈ ਰਸਤੇ ਦਾ ਇਸਤੇਮਾਲ ਕਰਦੇ ਹਨ।