ਕੈਪਟਨ ਦੇ ਸਮਾਰੋਹ'' ''ਚ ''ਆਪ'' ਵਿਧਾਇਕਾਂ ਨੂੰ ਨਹੀਂ ਮਿਲੀਆਂ ਕੁਰਸੀਆਂ, ਫੂਲਕਾ ਤੇ ਖਹਿਰਾ ਨੂੰ ਚੜ੍ਹਿਆ ਤਾਅ

03/16/2017 4:12:09 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨਾਲ ਪਹਿਲੇ ਹੀ ਦਿਨ ਮਤਰੇਆਂ ਵਾਲਾ ਸਲੂਕ ਕੀਤਾ ਗਿਆ ਅਤੇ ਇਨ੍ਹਾਂ ਵਿਧਾਇਕਾਂ ਨੂੰ ਕੈਪਟਨ ਦੇ ਸਮਾਰੋਹ ''ਚ ਬੈਠਣ ਲਈ ਇਕ ਵੀ ਕੁਰਸੀ ਨਹੀਂ ਮਿਲੀ। ਸਾਰੇ ਵਿਧਾਇਕਾਂ ਨੇ ਖੜ੍ਹੇ ਹੋ ਕੇ ਕੈਪਟਨ ਦਾ ਸਾਰਾ ਪ੍ਰੋਗਰਾਮ ਦੇਖਿਆ। ਕੈਪਟਨ ਦੇ ਸਮਾਰੋਹ ''ਚ ਆਪ ਵਿਧਾਇਕਾਂ ਦੀ ਬੇਕਦਰੀ ਦੇਖ ਵਿਰੋਧੀ ਧਿਰ ਦੇ ਨੇਤਾ ਐੱਚ. ਐੱਸ. ਫੂਲਕਾ ਅਤੇ ਭੁਲੱਥ ਤੋਂ ਸੁਖਪਾਲ ਖਹਿਰਾ ਨੂੰ ਤਾਅ ਚੜ੍ਹ ਗਿਆ। ਇਸ ਬਾਰੇ ਬੋਲਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਇਕ ਵਿਧਾਇਕ ਦਾ ਰੁਤਬਾ ਮੁੱਖ ਸਕੱਤਰ ਜਿੰਨਾ ਹੁੰਦਾ ਹੈ ਪਰ ਇਨ੍ਹਾਂ ਨੂੰ ਅਣਦੇਖਿਆਂ ਕਰਕੇ ਕੈਪਟਨ ਵਲੋਂ ਰਜਵਾੜਸ਼ਾਹੀ ਯੁੱਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੇ ਹੀ ਦਿਨ ਉਨ੍ਹਾਂ ਨੇ ਜਿੱਤੇ ਹੋਏ ਆਗੂਆਂ ਨੂੰ ਅਣਦੇਖਿਆਂ ਕਰ ਦਿੱਤਾ ਤਾਂ ਉਹ ਜਨਤਾ ਦਾ ਧਿਆਨ ਕੀ ਰੱਖਣਗੇ। ਐੱਚ. ਐੱਸ. ਫੂਲਕਾ ਦਾ ਕਹਿਣਾ ਸੀ ਕਿ ਅਜਿਹਾ ਇਤਿਹਾਸ ''ਚ ਪਹਿਲੀ ਵਾਰ ਹੋਇਆ ਹੈ ਜਦੋਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਇੰਝ ਖੜ੍ਹੇ ਹੋ ਕੇ ਪ੍ਰੋਗਰਾਮ ਦੇਖਣਾ ਪਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੀ ਆਪ ਆਗੂ ਕਿਸੇ ਤਰ੍ਹਾਂ ਦੀ ਵੀ. ਆਈ. ਪੀ. ਸਹੂਲਤ ਨਹੀਂ ਭਾਲਦੇ ਪਰ ਫਿਰ ਵੀ ਲੋਕਾਂ ਦੇ ਪ੍ਰਤੀਨਿਧੀ ਹੋਣ ਦੇ ਨਾਤੇ ਘੱਟੋ-ਘੱਟ ਉਨ੍ਹਾਂ ਨੂੰ ਕੁਰਸੀਆਂ ਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ।
 

Babita Marhas

This news is News Editor Babita Marhas