ਮਾਮੂਲੀ ਬਰਸਾਤ ਨੇ ਪਾਣੀ-ਪਾਣੀ ਕੀਤਾ ਸ਼ਹਿਰ

07/18/2018 3:40:56 AM

ਸ੍ਰੀਹਰਗੋਬਿੰਦਪੁਰ/ਗੁਰਦਾਸਪੁਰ,   (ਵਿਨੋਦ, ਰਮੇਸ਼)-  ਇਥੋਂ ਦੀਅਾਂ ਸਡ਼ਕਾਂ ਦੀ ਮੰਦੀ ਹਾਲਤ ਤੋਂ ਸ਼ਹਿਰ ਵਾਸੀ ਡਾਹਢੇ ਪ੍ਰੇਸ਼ਾਨ ਹਨ ਕਿਉਂਕਿ ਮਾਮੂਲੀ ਬਰਸਾਤ ਨਾਲ ਸ੍ਰੀ ਹਰਗੋਬਿੰਦਪੁਰ ਦੇ ਬੱਸ ਅੱਡੇ ਤੇ ਕਈ ਹੋਰ ਥਾਵਾਂ ’ਤੇ ਪਾਣੀ ਦੇ ਤਲਾਅ ਲੱਗ ਜਾਂਦੇ ਹਨ, ਜਿਸ ਨਾਲ ਲੋਕਾਂ ਦਾ ਇਨ੍ਹਾਂ ਸਡ਼ਕਾਂ ਤੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਲਗਭਗ ਚਾਰ ਸਾਲ ਪਹਿਲਾਂ ਸ੍ਰੀ ਹਰਗੋਬਿੰਦਪੁਰ ਵਿਚ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਟਰੀਟਮੈਂਟ ਪਲਾਂਟ ਲਾਇਆ ਗਿਆ ਸੀ, ਜਿਸ ਨਾਲ ਸ੍ਰੀ ਹਰਗੋਬਿੰਦਪੁਰ ਦੀਆਂ ਸਡ਼ਕਾਂ ਦੀ ਪੁਟਾਈ ਕੀਤੀ ਗਈ ਸੀ। ਮਹਿਕਮੇ ਵੱਲੋਂ ਕੁਝ ਥਾਵਾਂ ’ਤੇ ਗਟਰ ਸਡ਼ਕ ਨਾਲੋਂ ਉੱਚੇ ਬਣਾ ਦਿੱਤੇ ਗਏ ਹਨ, ਜਿਸ ਨਾਲ ਹੁਣ ਤੱਕ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਸੀਵਰੇਜ ਪੈਣ ਵੇਲੇ ਪੁੱਟੀਆਂ ਸਡ਼ਕਾਂ ਤੋਂ ਬਾਅਦ ਕਿਸੇ ਵੀ ਵਿਭਾਗ ਜਾਂ ਨਗਰ ਕੌਂਸਲ ਵੱਲੋਂ ਇਨ੍ਹਾਂ ਸਡ਼ਕਾਂ ਦੀ ਸਾਰ ਨਹੀਂ ਲਈ ਗਈ।  ਮਾਮੂਲੀ ਬਰਸਾਤ  ਤੋਂ ਬਾਅਦ ਸ਼ਹਿਰ ਦੀਅਾਂ ਕਈ ਥਾਵਾਂ ’ਤੇ ਪਾਣੀ ਦੇ ਤਲਾਅ ਲੱਗ ਜਾਂਦੇ ਹਨ। ਸ੍ਰੀ ਹਰਗੋਬਿੰਦਪੁਰ ’ਚ ਨਗਰ ਕੌਂਸਲ ਦਫਤਰ ਦੇ ਬਿਲਕੁਲ ਸਾਹਮਣੇ ਬਰਸਾਤ ਪੈਣ ਤੋਂ ਬਾਅਦ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਪਡ਼੍ਹਦੀਆਂ ਬੱਚੀਆਂ ਦਾ ਪਾਣੀ ਵਿਚੋਂ ਲੰਘ ਕੇ ਸਕੂਲ ਜਾਣਾ ਅੌਖਾ ਹੋ ਜਾਂਦਾ ਹੈ। ਬੱਚਿਆਂ ਵੱਲੋਂ ਆਪਣੇ ਬੂਟ ਲਾਹ ਕੇ ਪਾਣੀ  ਵਿਚੋਂ ਲੰਘਣਾ ਕਿਸੇ ਖਤਰੇ ਤੋਂ ਘੱਟ ਨਹੀਂ   ਕਿਉਂਕਿ ਸਕੂਲ ਦੇ ਮੁੱਖ ਦਰਵਾਜ਼ੇ ਦੇ ਅੱਗੇ ਵਗਦੇ ਗੰਦੇ ਨਾਲੇ ਦਾ ਪਾਣੀ ਜ਼ਿਆਦਾ ਬਰਸਾਤ ਹੋਣ ਨਾਲ  ਭਰ ਗਿਆ, ਜਿਸ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।
 ਨਗਰ ਕੌਂਸਲ ਨੇ ਨਹੀਂ ਕਰਵਾਈ ਗੰਦੇ ਨਾਲੇ ਦੀ ਸਫਾਈ  
ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ ਗੰਦੇ ਨਾਲੇ ਦੀ ਸਫਾਈ ਨਹੀਂ ਕਰਵਾਈ ਗਈ, ਜਿਸ ਨਾਲ ਪਾਣੀ ਦਾ ਨਿਕਾਸ ਪੂਰੀ ਤਰ੍ਹਾਂ ਨਹੀਂ ਹੋ ਰਿਹਾ। ਬੱਸ ਅੱਡੇ ਵਿਚ ਪਾਣੀ ਦਾ ਤਲਾਅ ਬਣ ਜਾਣ ਕਰ ਕੇ ਰਾਹਗੀਰਾਂ ਦਾ ਲੰਘਣਾ ਬਹੁਤ ਅੌਖਾ ਹੋ ਗਿਆ ਹੈ। ਲੋਕ ਨਗਰ ਕੌਂਸਲ ਤੇ ਹਲਕਾ ਵਿਧਾਇਕ ਨੂੰ ਕੋਸ ਰਹੇ ਹਨ।
  ਦੁਕਾਨਦਾਰ ਚਰਨਜੀਤ ਸਿੰਘ ਰਿਆਡ਼ ਨੇ ਦੱਸਿਆ ਕਿ ਸ਼ਹਿਰ ਦੇ ਬੱਸ ਅੱਡੇ ਵਿਚ ਪਾਣੀ ਜਮ੍ਹਾ ਹੋ ਜਾਣ ਨਾਲ ਦੁਕਾਨਦਾਰਾਂ ’ਤੇ ਬਹੁਤ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਹਾਲਤ ਤਰਸਯੋਗ ਹੋਣ ਕਰ ਕੇ ਪਿੰਡਾਂ ਤੋਂ ਗਾਹਕ ਸਾਮਾਨ ਖਰੀਦਣ ਦੀ ਬਜਾਏ ਦੂਜੇ ਕਸਬਿਅਾਂ ਵਿਚ ਚੱਲੇ ਜਾਂਦੇ ਹਨ ਅਤੇ ਗਾਹਕ ਨਾ ਆਉਣ  ਕਾਰਨ ਉਹ ਪੂਰਾ ਦਿਨ ਦੁਕਾਨ ’ਤੇ ਬੈਠ ਕੇ ਬਿਨਾਂ ਕੁਝ ਸੇਲ ਕੀਤੇ ਹੀ ਵਾਪਸ ਘਰਾਂ ਨੂੰ ਪਰਤ ਜਾਂਦੇ ਹਨ।
 ਸ੍ਰੀ ਹਰਗੋਬਿੰਦਪੁਰ ’ਚ ਵਿਕਾਸ ਕਾਰਜ  ਕਰਵਾਏ ਜਾ ਰਹੇ ਹਨ  : ਵਿਧਾਇਕ ਲਾਡੀ
 ਇਸ ਸਬੰਧੀ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਕਾਰਜ  ਕਰਵਾਏ ਜਾ ਰਹੇ ਹਨ, ਜਿਸ ਵਿਚ ਸਭ ਤੋਂ ਪਹਿਲਾਂ ਬੱਸ ਅੱਡਾ ਬਣਾਇਆ ਜਾ ਰਿਹਾ ਹੈ ਤੇ ਜਲਦੀ ਹੀ ਸਡ਼ਕਾਂ ਦੀ ਹਾਲਤ ਵਿਚ ਸੁਧਾਰ ਕੀਤਾ ਜਾਵੇਗਾ।
 ਪਾਣੀ ਦੇ ਨਿਕਾਸ ਦਾ ਕੰਮ ਸੀਵਰੇਜ ਬੋਰਡ ਦੇ ਕੋਲ ਹੈ  : ਈ. ਓ.
 ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈ. ਓ. ਜਤਿੰਦਰ ਮਹਾਜਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਣੀ ਦੇ ਨਿਕਾਸ ਦਾ ਕੰਮ ਸੀਵਰੇਜ ਬੋਰਡ ਦੇ ਕੋਲ ਹੈ ਪਰ ਉਹ ਆਪਣੇ ਤੌਰ ’ਤੇ ਪਾਣੀ ਦੇ ਨਿਕਾਸ ਦਾ ਹੱਲ ਕਰਨ ਲਈ ਯਤਨ ਕਰਨਗੇ।