ਨਾਭਾ ''ਚ ਅਗਵਾ ਹੋਈ ਨਾਬਾਲਗ ਲੜਕੀ ਪੁਲਸ ਨੇ ਕੀਤੀ ਬਰਾਮਦ, ਅਗਵਾਕਾਰਾਂ ਨੂੰ ਕੀਤਾ ਗ੍ਰਿਫਤਾਰ

07/27/2016 8:00:30 PM

ਨਾਭਾ (ਜਗਨਾਰ, ਭੂਪਾ) - ਬੀਤੀ ਰਾਤ ਨਾਭਾ ਦੀ ਮੋਦੀ ਮਿੱਲ ਕਲੋਨੀ ਵਿੱਚੋਂ ਅਗਵਾਹਕਾਰਾਂ ਵਲੋਂ ਇੱਕ ਨਾਬਾਲਗ ਲੜਕੀ ਨੂੰ ਅਗਵਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।|ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਅਗਵਾਕਾਰਾਂ ਨੂੰ ਹਿਰਾਸਤ ''ਚ ਲੈ ਲਿਆ ਹੈ। 
ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਨਾਭਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਗਵਾ ਲੜਕੀ ਦੇ ਪਿਤਾ ਗੋਰਾ ਲਾਲ ਨੇ ਕੋਤਵਾਲੀ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸਦੀ ਲੜਕੀ ਟਿਊਸਨ ਪੜ੍ਹ ਕੇ ਵਾਪਸ ਆ ਰਹੀ ਸੀ, ਜਿਸ ਦੌਰਾਨ ਉਸ ਨੂੰ ਕੁਝ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ, ਜਿਸ ''ਤੇ ਕੋਤਵਾਲੀ ਪੁਲਸ ਨੇ ਵੱਖ-ਵੱਖ ਥਾਵਾਂ ''ਤੇ ਛਾਪੇਮਾਰੀ ਕੀਤੀ ਅਤੇ ਕੁਝ ਘੰਟਿਆਂ ਦੀ ਮੁਸ਼ੱਕਤ ਮਗਰੋਂ ਅਗਵਾਕਾਰ ਸਨਮ ਰਾਏ ਨੂੰ ਗ੍ਰਿਫਤਾਰ ਕਰਕੇ ਲੜਕੀ ਨੂੰ ਬਰਾਮਦ ਕਰ ਲਿਆ ਅਤੇ ਉਸ ਦੇ ਦੋ ਸਾਥੀਆਂ ਹਨੀ ਕੁਮਾਰ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਪੁਲਸ ਪਾਰਟੀ ਨੇ ਛੇਤੀ ਹੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਅਗਵਾਕਾਰਾਂ ਵਲੋਂ ਲੜਕੀ ਦੇ ਫੋਨ ਤੋਂ ਹੀ ਉਸ ਦੇ ਮਾਪਿਆਂ ਨੂੰ ਫੋਨ ਕੀਤਾ ਗਿਆ ਕਿ ਸਵੇਰੇ ਪੈਸੇ ਤਿਆਰ ਰੱਖਣਾ ਅਤੇ ਪੁਲਸ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਾ ਦੇਣਾ ਕਹਿ ਕੇ ਫੋਨ ਬੰਦ ਕਰ ਦਿੱਤਾ। ਲੜਕੀ ਨੂੰ ਅਗਵਾਕਾਰਾਂ ਨੇ ਆਪਣੇ ਰਿਹਾਇਸ਼ੀ ਮਕਾਨ ਅੰਦਰ ਬੰਦ ਕਰ ਦਿੱਤਾ। ਡੀ.ਐਸ.ਪੀ. ਨਾਭਾ ਨੇ ਦੱਸਿਆ ਕਿ ਅਗਵਾਹਕਾਰਾਂ ਵੱਲੋਂ ਲੜਕੀ ਦੇ ਪਿਤਾ ਤੋਂ 18 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਲੜਕੀ ਦਾ ਐਕਟਿਵਾ ਸਕੂਟਰ ਵੀ ਪੁਲਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਅਤੇ ਤਿੰਨੋਂ ਫੜੇ ਗਏ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਤਿੰਨੋਂ ਅਗਵਾਕਾਰਾਂ ਨੂੰ ਅੱਜ ਮਾਨਯੋਗ ਅਦਾਲਤ ''ਚ ਪੇਸ਼ ਕਰਕੇ ਉਨ੍ਹਾਂ ਦੀ ਜੂਡੀਸ਼ੀਅਲ ਰਿਮਾਂਡ ਮੰਗੀ ਜਾਵੇਗੀ। ਇਸ ਸਬੰਧੀ ਅਗਵਾਹ ਕੀਤੀ ਲੜਕੀ ਦੇ ਪਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫੜੇ ਗਏ ਵਅਕਤੀਆਂ ਖਿਲਾਫ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।

 

Babita Marhas

This news is News Editor Babita Marhas