ਮਾਂ ਨੇ ਝਿੜਕਿਆ ਤਾਂ ਗੁੱਸਾ ਕਰ ਕੇ ਰੂਪਨਗਰ ਪੁੱਜੀ ਦਿੱਲੀ ਦੀ ਨਾਬਾਲਗ ਲੜਕੀ

02/18/2018 1:18:27 AM

ਰੂਪਨਗਰ, (ਕੈਲਾਸ਼)- ਮਾਪੇ ਬੱਚਿਆਂ ਦੀ ਗਲਤੀ ਸੁਧਾਰਨ ਲਈ ਜਦੋਂ ਉਨ੍ਹਾਂ ਨੂੰ ਝਿੜਕਦੇ ਹਨ ਤਾਂ ਉਸ ਦਾ ਖਮਿਆਜ਼ਾ ਕਈ ਵਾਰ ਮਾਪਿਆਂ ਨੂੰ ਹੀ ਭੁਗਤਣਾ ਪੈ ਜਾਂਦਾ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਬੀਤੇ ਦਿਨ ਵੇਖਣ ਨੂੰ ਮਿਲੀ, ਜਦੋਂ ਇਕ 17 ਸਾਲ ਦੀ ਨਾਬਾਲਗ ਲੜਕੀ ਜੋ ਦਿੱਲੀ ਦੇ ਇਕ ਸਕੂਲ 'ਚ ਪੜ੍ਹਦੀ ਹੈ, ਨੇ ਕੋਈ ਗਲਤੀ ਕੀਤੀ, ਜਿਸ 'ਤੇ ਉਸ ਦੀ ਮਾਂ ਨੇ ਉਸ ਨੂੰ ਝਿੜਕਿਆ ਅਤੇ ਉਹ ਲੜਕੀ ਗੁੱਸਾ ਕਰ ਕੇ ਦਿੱਲੀ ਤੋਂ ਰੇਲ ਗੱਡੀ ਰਾਹੀਂ ਰੂਪਨਗਰ ਪਹੁੰਚ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਰੇਲਵੇ ਪੁਲਸ ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਬੀਤੇ ਦਿਨ ਉਕਤ ਲੜਕੀ, ਜੋ ਕਿ ਦਿੱਲੀ ਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਮੁਲਾਰਬੰਦ ਦੀ 11 ਜਮਾਤ ਦੀ ਵਿਦਿਆਰਥਣ ਹੈ, ਸਵੇਰੇ 5.30 ਵਜੇ ਦਿੱਲੀ ਤੋਂ ਰੂਪਨਗਰ ਆਉਣ ਵਾਲੀ ਰੇਲ ਗੱਡੀ ਦੇ ਰਾਹੀਂ ਪੁੱਜੀ। ਉਕਤ ਲੜਕੀ ਨੂੰ ਬੀਤੇ ਦਿਨ ਕਰੀਬ 10 ਵਜੇ ਸਟੇਸ਼ਨ 'ਤੇ ਸਥਿਤ ਡਾਕਖਾਨੇ ਦੇ ਅੱਗੇ ਬੈਠੇ ਜਦੋਂ ਡਾਕਖਾਨੇ ਦੇ ਇੰਚਾਰਜ ਨੇ ਵੇਖਿਆ ਤਾਂ ਉਸ ਨੇ ਪਹਿਲਾਂ ਉਸ ਦੀ ਮਾਲੀ ਮਦਦ ਕੀਤੀ ਅਤੇ ਫਿਰ ਇਸ ਦੀ ਸੂਚਨਾ ਜੀ.ਆਰ.ਪੀ. ਨੂੰ ਦਿੱਤੀ।
ਲੜਕੀ ਨੇ ਪੁੱਛਗਿੱਛ ਦੌਰਾਨ ਕੀਤਾ ਗੁੰਮਰਾਹ
ਸੁਗਰੀਵ ਚੰਦ ਨੇ ਲੜਕੀ ਤੋਂ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸੁਗਰੀਵ ਚੰਦ ਨੂੰ ਵੀ ਗੁੰਮਰਾਹ ਕੀਤਾ ਅਤੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਪਾਣੀਪਤ ਉਤਰ ਗਏ ਹਨ ਅਤੇ ਉਹ ਗਲਤੀ ਨਾਲ ਰੂਪਨਗਰ ਉਤਰ ਗਈ, ਜਿਸ ਤੋਂ ਬਾਅਦ ਲੜਕੀ ਨੇ ਬਲਾਚੌਰ ਤੱਕ ਜਾਣ ਅਤੇ ਮੁੜ ਵਾਪਿਸ ਆਉਣ ਦੀ ਮਨਘੜਤ ਕਹਾਣੀ ਵੀ ਦੱਸੀ। ਸੁਗਰੀਵ ਚੰਦ ਵੱਲੋਂ ਜਦੋਂ ਉਸ ਤੋਂ ਸਕੂਲ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਸਕੂਲ ਦਾ ਨਾਂ ਤਾਂ ਦੱਸ ਦਿੱਤਾ ਪਰ ਹੋਰ ਕੋਈ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੋਈ। ਉਨ੍ਹਾਂ ਸਕੂਲ ਦਾ ਨਾਂ ਇੰਟਰਨੈੱਟ 'ਤੇ ਚੈੱਕ ਕਰ ਕੇ ਪ੍ਰਿੰਸੀਪਲ ਇੰਦੂ ਆਹੂਜਾ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਉਸ ਦੇ ਮਾਪਿਆਂ ਨਾਲ ਸੰਪਰਕ ਕਰ ਕੇ ਲੜਕੀ ਬਾਰੇ ਦੱਸਿਆ। 
ਟਿਊਸ਼ਨ ਪੜ੍ਹਨ ਗਈ ਲੜਕੀ ਘਰ ਨਾ ਪਰਤੀ
ਲੜਕੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸ਼ਾਮ 4 ਵਜੇ ਟਿਊਸ਼ਨ ਪੜ੍ਹਨ ਲਈ ਗਈ ਸੀ ਪਰ ਉਹ ਕਿਸੇ ਗੱਲ ਦਾ ਗੁੱਸਾ ਕਰ ਕੇ ਮੁੜ ਘਰ ਨਹੀਂ ਪਹੁੰਚੀ। ਜਦੋਂਕਿ ਪਰਿਵਾਰ ਉਸ ਨੂੰ ਲੈ ਕੇ ਬੇਹੱਦ ਚਿੰਤਤ ਸੀ। ਸੂਚਨਾ ਮਿਲਣ ਤੋਂ ਬਾਅਦ ਬੀਤੀ ਰਾਤ ਕਰੀਬ 10.30 'ਤੇ ਲੜਕੀ ਦਾ ਪਿਤਾ ਤੇਜਪਾਲ ਪੁੱਤਰ ਮਹਾਵੀਰ ਸਿੰਘ ਨਿਵਾਸੀ ਮਿੱਠਾਪੁਰ ਬਦਰਪੁਰ ਦਿੱਲੀ, ਉਸ ਦਾ ਤਾਇਆ ਮੁਕੇਸ਼ ਕੁਮਾਰ ਅਤੇ ਚਾਚਾ ਦਾਨਵੀਰ ਤੇ ਗੁੱਡੂ ਰੂਪਨਗਰ ਸਟੇਸ਼ਨ 'ਤੇ ਪੁੱਜੇ। ਜੀ.ਆਰ.ਪੀ. ਵੱਲੋਂ ਕਾਨੂੰਨੀ ਕਾਰਵਾਈ ਤੋਂ ਬਾਅਦ ਲੜਕੀ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।