ਡਾਕਟਰਾਂ ਦੇ ਬੋਰਡ ਨੇ ਕੀਤਾ ਲੜਕੀ ਦਾ ਮੈਡੀਕਲ, ਅਦਾਲਤ ਨੇ ਭੇਜਿਆ ਫਿਰ ਨਾਰੀ ਨਿਕੇਤਨ

12/17/2019 5:42:00 PM

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਅਧੀਨ ਆਉਂਦੇ ਇਕ ਕਸਬੇ ਦੀ ਨਾਬਾਲਗ ਲੜਕੀ ਨੂੰ ਕੋਈ ਅਣਪਛਾਤਾ ਵਿਅਕਤੀ ਵਰਗਲਾ ਕੇ ਲੈ ਗਿਆ ਸੀ। ਇਸ ਸਬੰਧੀ ਪੀੜਤ ਪਰਿਵਾਰ ਵਲੋਂ ਇਨਸਾਫ ਲਈ 'ਜਗ ਬਾਣੀ' ਰਾਹੀਂ ਖਬਰ ਛਪਵਾਈ ਗਈ ਸੀ, ਜਿਸ ਦੇ ਪ੍ਰਕਾਸ਼ਿਤ ਹੋਣ ਉਪਰੰਤ ਸਬੰਿਧਤ ਚੌਕੀ ਦੀ ਪੁਲਸ ਪਾਰਟੀ ਵਲੋਂ ਲੜਕੀ ਨੂੰ ਬਠਿੰਡਾ ਦੇ ਇਕ ਪਿੰਡ ਤੋਂ ਬਰਾਮਦ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਮਾਣਯੋਗ ਅਦਾਲਤ ਨੇ ਲੜਕੀ ਦੀ ਉਮਰ ਦਾ ਸਹੀ ਸਬੂਤ ਨਾ ਹੋਣ ਕਰਕੇ ਇਸ ਨੂੰ ਨਾਰੀ ਨਿਕੇਤਨ ਭੇਜਣ ਦੇ ਹੁਕਮ ਦਿੱਤੇ ਸਨ। ਲੜਕੀ ਨਾਲ ਹੋਈ ਛੇੜਛਾੜ ਸਬੰਧੀ ਪੁਸ਼ਟੀ ਕਰਨ ਲਈ ਡਾਕਟਰਾਂ ਦੇ ਇਕ ਬੋਰਡ ਵਲੋਂ ਮੈਡੀਕਲ ਕਰਨ ਉਪਰੰਤ ਇਸ ਨੂੰ ਮਾਣਯੋਗ ਅਦਾਲਤ ਨੇ ਦੋਬਾਰਾ ਨਾਰੀ ਨਿਕੇਤਨ ਭੇਜਣ ਦਾ ਹੁਕਮ ਸੁਣਾਇਆ ਹੈ।

ਉਮਰ ਦਾ ਠੋਸ ਸਬੂਤ ਨਾ ਹੋਣ ਕਾਰਣ ਉਲਝਿਆ ਮਾਮਲਾ
ਜਾਣਕਾਰੀ ਅਨੁਸਾਰ ਮੁਰੀਦ ਮੁਹੰਮਦ ਪੁੱਤਰ ਸੁਦੀਨ ਵਾਸੀ ਖਡੂਰ ਸਾਹਿਬ ਜੋ ਗੁੱਜਰ ਹੈ, ਨੇ ਪੁਲਸ ਨੂੰ ਮਿਤੀ 23 ਨਵੰਬਰ ਨੂੰ ਇਕ ਦਰਖਾਸਤ ਦਿੱਤੀ ਸੀ ਕਿ ਸ਼ਾਮ ਨੂੰ ਉਸਦੀ 13 ਸਾਲਾ ਜੁਲਫਾਂ ਨਾਮਕ ਲੜਕੀ ਘਰੋਂ ਬਾਹਰ ਗਈ ਪਰ ਵਾਪਸ ਘਰ ਨਹੀਂ ਪਰਤੀ। ਫਿਰ ਇਹ ਮਾਮਲਾ ਐੱਸ. ਐੱਸ. ਪੀ. ਧਰੁਵ ਦਹੀਆ ਦੇ ਧਿਆਨ 'ਚ ਆਉਣ ਉਪਰੰਤ ਥਾਣਾ ਗੋਇੰਦਵਾਲ ਦੀ ਪੁਲਸ ਵਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਹੁਣ 18 ਦਿਨ ਬੀਤ ਜਾਣ ਦੇ ਬਾਵਜੂਦ ਲ਼ੜਕੀ ਦੀ ਭਾਲ ਨਹੀਂ ਕੀਤੀ ਗਈ, ਜਿਸ ਸਬੰਧੀ ਲੜਕੀ ਅਤੇ ਪਰਿਵਾਰ ਵਲੋਂ 'ਜਗ ਬਾਣੀ' ਨਾਲ ਸੰਪਰਕ ਕੀਤੇ ਜਾਣ ਤੋਂ ਬਾਅਦ ਖਬਰ ਪ੍ਰਕਾਸ਼ਿਤ ਕੀਤੀ ਗਈ। ਖਬਰ ਛਪਣ ਤੋਂ ਬਾਅਦ ਪੁਲਸ ਨੇ ਹਰਕਤ 'ਚ ਆਉਂਦੇ ਹੋਏ ਲੜਕੀ ਨੂੰ ਥਾਣਾ ਗੋਇੰਦਵਾਲ ਅਧੀਨ ਆਉਂਦੀ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਸਬ ਇੰਸਪੈਕਟਰ ਬਲਬੀਰ ਸਿੰਘ ਵਲੋਂ ਮੋਬਾਇਲ ਕਾਲਾਂ ਦੀ ਲੋਕੇਸ਼ਨ ਦੇ ਆਧਾਰ 'ਤੇ ਪਿੰਡ ਬਾਂਡੀ ਜ਼ਿਲਾ ਬਠਿੰਡਾ ਤੋਂ ਬੀਤੇ ਸ਼ਨੀਵਾਰ ਸਵੇਰੇ ਬਰਾਮਦ ਕਰ ਲਿਆ ਗਿਆ।

ਜਾਣਕਾਰੀ ਅਨੁਸਾਰ ਬਰਾਮਦ ਲੜਕੀ ਜੁਲਫਾਂ ਨੂੰ ਪੁਲਸ ਵਲੋਂ ਸ਼ਨੀਵਾਰ ਦੁਪਹਿਰ ਖਡੂਰ ਸਾਹਿਬ ਵਿਖੇ ਮਾਣਯੋਗ ਜੱਜ ਵਨੀਤਾ ਕੁਮਾਰੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਜੱਜ ਸਾਹਿਬ ਦੇ ਆਦੇਸ਼ਾਂ ਅਧੀਨ ਲੜਕੀ ਦਾ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਗਏ। ਪੁਲਸ ਲੜਕੀ ਨੂੰ ਖਡੂਰ ਸਾਹਿਬ ਦੇ ਸਿਵਲ ਹਸਪਤਾਲ 'ਚ ਮੈਡੀਕਲ ਲਈ ਲੈ ਕੇ ਪੁੱਜੀ ਪਰ ਮਹਿਲਾ ਡਾਕਟਰ ਦੀ ਮੌਜੂਦਗੀ ਨਾ ਹੋਣ ਕਾਰਨ ਫਿਰ ਅਦਾਲਤ ਦੇ ਕਹਿਣ 'ਤੇ ਪੁਲਸ ਤਰਨਤਾਰਨ ਦੇ ਸਰਕਾਰੀ ਹਸਪਤਾਲ ਮੈਡੀਕਲ ਲਈ ਪੁੱਜੀ ਪਰ ਉੱਥੇ ਵੀ ਮਹਿਲਾ ਡਾਕਟਰ ਨਾ ਹੋਣ ਕਾਰਣ ਲੜਕੀ ਨੂੰ ਦੇਰ ਰਾਤ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ। ਜਿੱਥੇ ਉਨ੍ਹਾਂ ਵਲੋਂ ਸ਼ਨੀਵਾਰ ਦੇਰ ਰਾਤ ਲੜਕੀ ਨੂੰ ਨਾਰੀ ਨਿਕੇਤਨ ਭੇਜਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ।

ਸਾਡੀ ਲੜਕੀ ਨੂੰ ਗੁੰਮਰਾਹ ਕੀਤਾ ਗਿਆ
ਲੜਕੀ ਦੇ ਪਿਤਾ ਮੁਰੀਦ ਮੁਹੰਮਦ ਅਤੇ ਮਾਤਾ ਜੱਟੀ ਨੇ ਰੌਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਜੁਲਫਾਂ ਨੂੰ ਉਨ੍ਹਾਂ ਦੇ ਨਜ਼ਦੀਕ ਰਹਿੰਦੇ ਇਕ ਪਰਿਵਾਰ ਵਲੋਂ ਡਰਾਉਂਦੇ ਧਮਕਾਉਂਦੇ ਹੋਏ ਗੁੰਮਰਾਹ ਕੀਤਾ ਗਿਆ ਹੈ। ਉਨ੍ਹਾਂ ਐੱਸ. ਐੱਸ. ਪੀ. ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਕੀ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਲੜਕੀ ਉਨ੍ਹਾਂ ਨੂੰ ਸੌਂਪੀ ਜਾਵੇ।

ਪੁਲਸ ਵਲੋਂ ਕੀਤੀ ਜਾ ਰਹੀ ਸਹੀ ਜਾਂਚ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਖਡੂਰ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਲੜਕੀ ਜੁਲਫਾਂ ਨੂੰ ਬਰਾਮਦ ਕਰਨ ਲਈ ਐੱਸ. ਐੱਸ. ਪੀ. ਧਰੁਵ ਦਹੀਆ ਦੇ ਆਦੇਸ਼ਾਂ ਉੱਪਰ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਤੋਂ ਇਲਾਵਾ ਏ. ਐੱਸ. ਆਈ. ਸੁੱਖਾ ਸਿੰਘ, ਏ. ਐੱਸ. ਆਈ. ਬਲਜਿੰਦਰ ਸਿੰਘ ਅਤੇ ਮਹਿਲਾ ਮੁੱਖ ਸਿਪਾਹੀ ਸੁੱਖਬਰਿੰਦਰ ਕੌਰ ਸ਼ਾਮਲ ਸਨ ਵਲੋਂ ਕਾਫੀ ਮਿਹਨਤ ਕਰਨ ਉਪਰੰਤ ਕਰੀਬ 250 ਕਿਲੋਮੀਟਰ ਦੂਰ ਜਾ ਕੇ ਪਿੰਡ ਬਾਂਡੀ ਜ਼ਿਲਾ ਬਠਿੰਡਾ ਤੋਂ ਲੜਕੀ ਨੂੰ ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਕੋਲ ਲੜਕੀ ਦੇ ਨਾਬਾਲਗ ਹੋਣ ਸਬੰਧੀ ਕੋਈ ਸਬੂਤ ਨਹੀਂ ਹੈ। ਜਦਕਿ ਲੜਕੀ ਆਪਣੇ ਆਪ ਨੂੰ ਬਾਲਗ ਦੱਸ ਰਹੀ ਹੈ। ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਮੈਡੀਕਲ ਕਰਵਾਉਣ ਤੋਂ ਬਾਅਦ ਮਾਣਯੋਗ ਜੱਜ ਵਨੀਤਾ ਕੁਮਾਰੀ ਦੀ ਅਦਾਲਤ 'ਚ ਲੜਕੀ ਨੂੰ ਪੇਸ਼ ਕੀਤਾ ਗਿਆ ਜਿੱਥੇ ਜੱਜ ਸਾਹਿਬ ਵਲੋਂ ਲੜਕੀ ਨੂੰ ਉਸ ਦੇ ਸਾਹਮਣੇ ਮੌਜੂਦ ਉਸ ਦੀ ਮਾਂ ਜੱਟੀ ਨਾਲ ਘਰ ਜਾਣ ਬਾਰੇ ਪੁੱਛਿਆ ਗਿਆ ਪਰ ਲੜਕੀ ਨੇ ਆਪਣੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਜੱਜ ਸਾਹਿਬ ਦੇ ਹੁਕਮ ਤਹਿਤ ਫਿਰ ਉਸ ਨੂੰ ਨਾਰੀ ਨਿਕੇਤਨ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ।

ਮਿਹਨਤੀ ਟੀਮ ਹੋਵੇਗੀ ਸਨਮਾਨਤ
ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਸ ਕੇਸ 'ਚ ਸ਼ਾਮਲ ਵਿਸ਼ੇਸ਼ ਟੀਮ ਨੂੰ ਸਹੀ ਡਿਉੂਟੀ ਕਰਦੇ ਹੋਏ ਲੜਕੀ ਨੂੰ ਬਰਾਮਦ ਕਰਨ ਅਧੀਨ ਸਨਮਾਨ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵਲੋਂ ਜੋ ਹੁਕਮ ਦਿੱਤਾ ਜਾ ਰਿਹਾ ਹੈ ਪੁਲਸ ਵਲੋਂ ਉਨ੍ਹਾਂ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਆਪਣੀ ਡਿਉੂਟੀ ਸਹੀ ਢੰਗ ਨਾਲ ਕਰ ਰਹੀ ਹੈ।
 

Anuradha

This news is Content Editor Anuradha