ਮਾਮੂਲੀ ਵਿਵਾਦ ਨੂੰ ਲੈ ਕੇ ਹੋਈ ਹੁੱਲੜਬਾਜ਼ੀ ਦੌਰਾਨ ਚੱਲੀ ਗੋਲੀ, ਤਸਵੀਰਾਂ ਵਾਇਰਲ

04/13/2022 10:46:29 AM

ਅੰਮ੍ਰਿਤਸਰ (ਇੰਦਰਜੀਤ) - ਥਾਣਾ ਡੀ-ਡਵੀਜ਼ਨ ਅਧੀਨ ਪੈਂਦੀ ਗਲੀ ਨੱਥੇ ਖਾਂ ਵਿਚ ਕਿਸੇ ਮਾਮੂਲੀ ਤਕਰਾਰ ਤੋਂ ਬਾਅਦ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਵਿਚ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿੱਥੇ ਇਸ ਦੀ ਪੁਸ਼ਟੀ ਹੋ ਰਹੀ ਹੈ। ਇਸ ਮਾਮਲੇ ਵਿਚ ਥਾਣਾ ਡੀ-ਡਵੀਜ਼ਨ ਦੀ ਨਵ-ਨਿਯੁਕਤ ਮਹਿਲਾ ਅਧਿਕਾਰੀ ਨੇ ਕਿਹਾ ਹੈ ਕਿ ਮਾਮੂਲੀ ਝਗੜਾ ਹੋਇਆ ਸੀ, ਜਿਸ ਵਿਚ ਰਾਜੀਨਾਮਾ ਹੋ ਗਿਆ ਹੈ। ਪੀੜਤ ਵਿਅਕਤੀ ਨੇ ਪੁਲਸ ਦੀ ਭੂਮਿਕਾ ’ਤੇ ਕੋਈ ਉਂਗਲ ਨਹੀਂ ਚੁੱਕੀ, ਜਦਕਿ ਮੁਲਜ਼ਮ ਧਿਰ ਵਲੋਂ ਭਾਰੀ ਦਬਾਅ ਹੋਣ ਦੀ ਗੱਲ ਕੀਤੀ ਹੈ।

ਇਲਾਕਾ ਵਾਸੀਆਂ ਤੋਂ ਪਤਾ ਲੱਗਾ ਹੈ ਕਿ ਐਤਵਾਰ ਦੀ ਰਾਤ ਨੰਨੀ ਨਾਮਕ ਵਿਅਕਤੀ ਆਪਣੇ ਦੋਸਤ ਨਾਲ ਆਈਸਕ੍ਰੀਮ ਖਾਣ ਗਿਆ ਸੀ। ਉੱਥੇ ਉਸ ਦੇ ਦੋਸਤ ਦਾ ਕਿਸੇ ਨਾਲ ਝਗੜਾ ਹੋ ਗਿਆ ਸੀ, ਜਿਸ ਵਿਚ ਨੰਨੀ ਨੇ ਝਗੜੇ ਨੂੰ ਰੁਕਵਾ ਦਿੱਤਾ। ਇਸ ਦੇ ਉਪਰੰਤ ਸੋਮਵਾਰ ਨੂੰ ਨੰਨੀ ਦੇ ਘਰ 8-10 ਲੋਕ ਆਏ ਅਤੇ ਗੋਲੀ ਚੱਲਣ ਦੀ ਵੀ ਸੂਚਨਾ ਮਿਲੀ। ਸਬੰਧਤ ਮਾਮਲੇ ਵਿਚ ਥਾਣਾ ਡੀ-ਡਵੀਜ਼ਨ ਕੋਲ ਕੇਸ ਪੁੱਜਾ ਤਾਂ ਸ਼ਿਕਾਇਤ ਦੇਣ ਦੇ ਉਪਰੰਤ ਪੁਲਸ ਨੇ ਉਨ੍ਹਾਂ ਦਾ ਰਾਜੀਨਾਮਾ ਕਰਵਾ ਦਿੱਤਾ ਸੀ। ਥਾਣਾ ਡੀ-ਡਵੀਜ਼ਨ ਦੀ ਮਹਿਲਾ ਅਧਿਕਾਰੀ ਦਾ ਕਹਿਣਾ ਹੈ ਮਾਮੂਲੀ ਜਿਹਾ ਝਗੜਾ ਸੀ, ਜਿਸ ਵਿਚ ਰਾਜੀਨਾਮਾ ਕਰਵਾ ਦਿੱਤਾ ਹੈ।

ਦੂਜੇ ਪਾਸੇ ਇਸ ਸੰਬੰਧ ਵਿਚ ਪੀੜਤ ਵਿਅਕਤੀ ਨਵਨੀਸ਼ ਕੁਮਾਰ ਨੰਨੀ ਨਾਲ ਸੰਪਰਕ ਕਰਨ ’ਤੇ ਉਸ ਨੇ ਦੱਸਿਆ ਕਿ ਉਸ ਦੇ ਘਰ 8-10 ਲੋਕਾਂ ਨੇ ਹੰਗਾਮਾ ਕੀਤਾ ਸੀ, ਜੋ ਬਦਲੇ ਦੀ ਭਾਵਨਾ ਕਾਰਨ ਸੀ। ਨੰਨੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਰਿਵਾਲਵਰ ਨਾਲ ਫਾਇਰ ਵੀ ਕੀਤਾ ਸੀ। ਨਵਨੀਸ਼ ਨੰਨੀ ਅਨੁਸਾਰ ਜਦੋਂ ਇਹ ਮਾਮਲਾ ਥਾਣੇ ਵਿਚ ਪੁੱਜਾ ਤਾਂ ਦੂਜੇ ਧਿਰ ਵਲੋਂ ਕਾਫ਼ੀ ਗਿਣਤੀ ਵਿਚ ਲੋਕ ਆਏ ਹੋਏ ਸਨ ਅਤੇ ਮੇਰੇ ’ਤੇ ਉਨ੍ਹਾਂ ਦਾ ਭਾਰੀ ਦਬਾਅ ਸੀ, ਜਿਸ ਕਾਰਨ ਉਸ ਨੇ ਰਾਜੀਨਾਮੇ ’ਤੇ ਦਸਤਖ਼ਤ ਕਰ ਦਿੱਤੇ। 

ਨੰਨੀ ਨੇ ਇਹ ਵੀ ਦੱਸਿਆ ਕਿ ਉਸ ਦਾ ਪਿਤਾ ਗੰਭੀਰ ਹਾਲਾਤ ਵਿਚ ਹੈ ਅਤੇ ਮਾਤਾ ਬਜੁਰਗ ਅਤੇ ਉਹ ਗਰੀਬ ਵਿਅਕਤੀ ਹੈ। ਇਸ ਕਾਰਨ ਮੈਨੂੰ ਉਨ੍ਹਾਂ ਦੀ ਗੱਲ ਮੰਨਣੀ ਪਈ। ਪੀੜਤ ਵਿਅਕਤੀ ਅਨੁਸਾਰ ਪੁਲਸ ਦੀ ਭੂਮਿਕਾ ਇਸ ਵਿਚ ਕੋਈ ਗਲਤ ਨਹੀਂ ਸੀ ਪਰ ਮੁਲਜ਼ਮ ਧਿਰ ਵਲੋਂ ਜਿਹੜੇ ਲੋਕ ਆਏ ਸਨ ਉਨ੍ਹਾਂ ਦਾ ਭਾਰੀ ਦਬਾਅ ਮੇਰੇ ’ਤੇ ਸੀ।

rajwinder kaur

This news is Content Editor rajwinder kaur