ਮਨਿਸਟੀਰੀਅਲ ਕਾਮਿਆਂ ਨੇ ਦੂਸਰੇ ਦਿਨ ਵੀ ਮੰਗਾਂ ਸਬੰਧੀ ਕੀਤੀ ਗੇਟ ਰੈਲੀ

05/11/2018 3:05:25 AM

ਕਪੂਰਥਲਾ, (ਗੁਰਵਿੰਦਰ ਕੌਰ)- ਪੰਜਾਬ ਰਾਜ ਮਨਿਸਟੀਰੀਅਲ ਸਰਵਿਸ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਸਬੰਧੀ ਜ਼ਿਲਾ ਪ੍ਰਧਾਨ ਸਤਬੀਰ ਸਿੰਘ ਤੇ ਜਨਰਲ ਸਕੱਤਰ ਸੰਗਤ ਰਾਮ ਦੀ ਅਗਵਾਈ ਹੇਠ ਸਮੂਹ ਮਨਿਸਟੀਰੀਅਲ ਕਾਮਿਆਂ ਵਲੋਂ ਅੱਜ ਦੂਸਰੇ ਦਿਨ ਡੀ. ਸੀ. ਦਫਤਰ ਸਾਹਮਣੇ ਗੇਟ ਰੈਲੀ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਵਜੋਂ ਕਾਲੇ ਬਿੱਲੇ ਲਗਾ ਕੇ ਆਪਣਾ ਕੰਮਕਾਜ ਕੀਤਾ ਗਿਆ। ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸਤਬੀਰ ਸਿੰਘ ਨੇ ਕਿਹਾ ਕਿ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਆਪਣੀਆਂ ਜਾਇਜ਼ ਮੰਗਾਂ ਸਬੰਧੀ ਪੰਜਾਬ ਸਰਕਾਰ ਤੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਤੇ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਜਿਸ ਕਾਰਨ ਸਮੂਹ ਕਰਮਚਾਰੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਕਰਮਚਾਰੀਆਂ ਵਲੋਂ ਗੇਟ ਰੈਲੀ ਤੋਂ ਬਾਅਦ ਰੋਸ ਵਜੋਂ ਕਾਲੇ ਬਿੱਲੇ ਲਗਾ ਕੇ ਆਪਣਾ ਰੋਜ਼ਾਨਾ ਦਾ ਕੰਮਕਾਜ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਨੂੰ ਆਮ ਜਨਤਾ ਤਕ ਪਹੁੰਚਾਉਂਦੇ ਹਨ ਪਰ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰ ਕੋਲ ਲਾਭ ਦੇਣ ਦੀ ਬਿਜਾਏ ਮੁਗਲ ਸਾਮਰਾਜਾਂ ਦੇ ਸਮਿਆਂ ਦੀ ਤਰ੍ਹਾਂ ਜਜੀਆ ਟੈਕਸ ਆਦਿ ਲਗਾ ਕੇ ਆਪਣਾ ਮੁਲਾਜ਼ਮ ਵਿਰੋਧੀ ਚਿਹਰਾ ਜ਼ਾਹਿਰ ਕਰ ਰਹੀ ਹੈ। 
ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੀਆਂ ਜਿਮਨੀ ਚੋਣਾਂ 'ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਦਫਤਰ ਡਿਪਟੀ ਕਮਿਸ਼ਨਰ ਤੋਂ ਨਰਿੰਦਰ ਸਿੰਘ ਚੀਮਾ, ਐਕਸਾਈਜ਼ ਐਂਡ ਟੈਕਟੇਸ਼ਨ ਵਿਭਾਗ ਤੋਂ ਬਖਸ਼ੀਸ਼ ਸਿੰਘ, ਹੈਲਥ ਵਿਭਾਗ ਤੋਂ ਮਨਮੋਹਨ ਸਿੰਘ ਤੇ ਪੀ. ਡਬਲਯੂ. ਡੀ. ਵਿਭਾਗ ਵਲੋਂ ਹਰਮਿੰਦਰ ਕੁਮਾਰ ਆਦਿ ਹਾਜ਼ਰ ਸਨ।

ਫਗਵਾੜਾ, (ਹਰਜੋਤ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ਼ ਯੂਨੀਅਨ ਦੇ ਸੱਦੇ 'ਤੇ ਇਥੋਂ ਦੇ ਕਰਮਚਾਰੀਆਂ ਨੇ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਮੀਤ ਪ੍ਰਧਾਨ ਪ੍ਰਸ਼ੋਤਮ ਲਾਲ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ 'ਚ ਆਪਣੀਆਂ ਮੰਗਾਂ ਦੇ ਹੱਕ 'ਚ ਰੋਸ ਰੈਲੀ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਸੁਪਰਡੈਂਟ, ਸੁਮਨ ਸ਼ਰਮਾ, ਸੁਨੀਤਰਾਣੀ, ਨਰਿੰਦਰ ਕੁਮਾਰ, ਆਸ਼ਾ ਲੱਤਾ, ਅਵਤਾਰ ਸਿੰਘ ਆਦਿ ਨੇ ਮੰਗ ਕੀਤੀ ਕਿ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਤੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਡੀ. ਏ. ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਜਾਰੀ ਕੀਤੀਆਂ ਜਾਣ, 200 ਰੁਪਏ ਮਹੀਨੇ ਲਗਾਇਆ ਪ੍ਰਫੈਸ਼ਨਲ ਟੈਕਸ ਵਾਪਸ ਲਿਆ ਜਾਵੇ। ਇਸ ਮੌਕੇ ਸੁਰਿੰਦਰਪਾਲ, ਸਰਬਜੀਤ ਕੁਮਾਰ, ਸੀਤਲਾ ਦੇਵੀ, ਜਸਪਾਲ ਸਿੰਘ, ਨਵਦੀਪ ਸਿੰਘ ਵੀ ਸ਼ਾਮਿਲ ਸਨ।