ਵਿਸ਼ੇਸ਼ ਗੱਲਬਾਤ ’ਚ ਬੋਲੇ ਮੰਤਰੀ ਹਰਪਾਲ ਚੀਮਾ, ਕਾਂਗਰਸ ਦੇ ਭ੍ਰਿਸ਼ਟਾਚਾਰੀ ਲੀਡਰਾਂ ਨੇ ਤਰੱਕੀ ਕੀਤੀ, ਪੰਜਾਬ ਨੇ ਨਹੀਂ

04/26/2023 2:16:05 PM

ਜਲੰਧਰ (ਰਮਨਦੀਪ ਸਿੰਘ ਸੋਢੀ- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਭਰ ਦੀ ਲੀਡਰਸ਼ਿਪ ਪ੍ਰਚਾਰ ਕਰਨ ਲਈ ਪਹੁੰਚੀ ਹੋਈ ਹੈ। ਜਿਵੇਂ-ਜਿਵੇਂ ਪੋਲਿੰਗ ਦੀ ਤਰੀਕ ਨੇੜੇ ਆ ਰਹੀ ਹੈ, ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਵਿਚ ਬੇਮਿਸਾਲ ਵਿਕਾਸ ਕਾਰਜ ਹੋਏ ਹਨ। ਦੂਜੀਆਂ ਸਿਆਸੀ ਪਾਰਟੀਆਂ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ਸਰਕਾਰ ਦੇ ਸਮੇਂ ਵੀ ਇੰਨੇ ਵਿਕਾਸ ਕਾਰਜ ਨਹੀਂ ਹੋਏ ਜਿੰਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਸਾਲ ਵਿਚ ਕਰ ਕੇ ਦਿਖਾਏ ਹਨ।

ਚੀਮਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਬਚਿਆ, ਖ਼ਾਸ ਤੌਰ ’ਤੇ ਕਾਂਗਰਸ ਕੋਲ ਜਿਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਆਰਾਮਪ੍ਰਸਤ ਰਹੇ ਹਨ। ਇਸ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਦਾ ਤਾਂ ਕੋਈ ਵਿਕਾਸ ਨਹੀਂ ਹੋਇਆ ਪਰ ਕਾਂਗਰਸੀ ਭ੍ਰਿਸ਼ਟਾਚਾਰੀ ਨੇਤਾਵਾਂ ਨੇ ਤਰੱਕੀ ਜ਼ਰੂਰ ਕੀਤੀ ਹੈ। ਪੇਸ਼ ਹਨ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਨਾਲ ਹੋਈ ਵਿਸ਼ੇਸ਼ ਗੱਲਬਾਤ ਦੇ ਅੰਸ਼–

ਇਹ ਵੀ ਪੜ੍ਹੋ : ਪੰਜਾਬ ਦੇ ਧਾਰਮਿਕ ਸਥਾਨਾਂ ਦੇ ਬਾਹਰ ਸੁਰੱਖਿਆ ਵਿਵਸਥਾ ਕੀਤੀ ਗਈ ਸਖ਼ਤ, ਜਾਣੋ ਕਿਉਂ

ਪੰਜਾਬ ’ਚ ਹੋਏ ਬੇਮਿਸਾਲ ਵਿਕਾਸ ਕਾਰਜਾਂ ਨਾਲ ‘ਆਪ’ ਦੇ ਹੱਕ ’ਚ ਬਣੀ ਲਹਿਰ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਵੋਟ ਮੰਗਣ ਲਈ ਪਿੰਡ-ਪਿੰਡ ਜਾ ਰਹੇ ਹਨ। ਇਸ ’ਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਤਾਂ ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਨੂੰ ਭਰਪੂਰ ਸਮਰਥਨ ਦੇ ਰਹੇ ਹਨ। ਇਸ ਦਾ ਕਾਰਨ ‘ਆਪ’ ਸਰਕਾਰ ’ਚ ਪਹਿਲੇ ਹੀ ਸਾਲ ਵਿਚ ਬੇਮਿਸਾਲ ਵਿਕਾਸ ਕਾਰਜ ਹੋਣਾ ਹੈ, ਜਿਸ ਨਾਲ ਆਮ ਆਦਮੀ ਪਾਰਟੀ ਦੇ ਹੱਕ ਵਿਚ ਲਹਿਰ ਚੱਲ ਪਈ ਹੈ, ਜਦੋਂਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਦੇ ਨੇਤਾ 4 ਸਾਲ ਤਾਂ ਆਪਣਾ ਵਿਕਾਸ ਕਰਦੇ ਰਹਿੰਦੇ ਸਨ ਅਤੇ ਆਖਰੀ ਸਾਲ ਵਿਚ ਸੜਕਾਂ ਤੇ ਨਾਲੀਆਂ ਬਣਾ ਦਿੰਦੇ ਸਨ, ਬਾਕੀ ਤਾਂ ਲਗਾਤਾਰ ਖਜ਼ਾਨੇ ਦੀ ਲੁੱਟ ਹੀ ਹੁੰਦੀ ਰਹਿੰਦੀ ਸੀ ਪਰ ‘ਆਪ’ ਸਰਕਾਰ ਦੇ ਪਹਿਲੇ ਸਾਲ ਵਿਚ ਹੀ ਨੌਜਵਾਨਾਂ ਨੂੰ ਨੌਕਰੀਆਂ ਤਾਂ ਦਿੱਤੀਆਂ ਹੀ ਗਈਆਂ, ਨਾਲ ਹੀ ਪੰਜਾਬ ਦਾ ਖਜ਼ਾਨਾ ਵੀ ਭਰਿਆ ਗਿਆ ਹੈ।

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਭ ਤੋਂ ਵੱਡੀ ਗਾਰੰਟੀ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦੇਣੀ ਪੂਰੀ ਹੋਈ ਹੈ। ਇਹੀ ਨਹੀਂ, ਪਾਵਰਕਾਮ ਨੂੰ ਇਸ ਦੇ ਬਣਦੇ ਪੈਸਿਆਂ ਦਾ ਭੁਗਤਾਨ ਵੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਕੂਲ ਆਫ਼ ਐਮੀਨੈਂਸ ਬਣਨੇ ਸ਼ੁਰੂ ਹੋਏ ਹਨ। ਪੰਜਾਬ ਵਿਚ ਸਕੂਲਾਂ ਦੀ ਹਾਲਤ ਕਿਸੇ ਕੋਲੋਂ ਲੁਕੀ ਹੋਈ ਨਹੀਂ ਸੀ। ਇਹੀ ਨਹੀਂ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ ਭੇਜ ਕੇ ਸਿੱਖਿਆ ਦਾ ਢਾਂਚਾ ਦੇਖਣ ਦੀ ਗਾਰੰਟੀ ਵੀ ‘ਆਪ’ ਸਰਕਾਰ ਨੇ ਪੂਰੀ ਕੀਤੀ ਹੈ। ਸਾਰੇ ਸਕੂਲਾਂ ਦੀਆਂ ਖ਼ਰਾਬ ਇਮਾਰਤਾਂ ਦੇ ਸੁਧਾਰ ਲਈ ਬੜੀ ਤੇਜ਼ੀ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ। 500 ਤੋਂ ਵੱਧ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਦੇ ਰਹੇ ਹਨ ਅਤੇ ਹੋਰ ਵੀ ਆਮ ਆਦਮੀ ਕਲੀਨਿਕ ਖੋਲ੍ਹੇ ਜਾਣ ਦੀ ਤਿਆਰੀ ਹੋ ਚੁੱਕੀ ਹੈ।
ਰਸੂਖਦਾਰ ਪਰਿਵਾਰਾਂ ਵੱਲੋਂ ਕਬਜ਼ਾਈਆਂ ਗਈਆਂ ਹਜ਼ਾਰਾਂ ਏਕਡ਼ ਜ਼ਮੀਨਾਂ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਛੁਡਵਾਈਆਂ ਹਨ। ਇਹ ਕੰਮ ਪਹਿਲੀਆਂ ਸਰਕਾਰਾਂ ਨੇ ਕਿਉਂ ਨਹੀਂ ਕੀਤਾ?

ਇਹ ਵੀ ਪੜ੍ਹੋ : ਕਪੂਰਥਲਾ ਦੇ ਗੁਰਦੁਆਰਾ ਸਾਹਿਬ 'ਚ ਨਿਹੰਗਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੀਆਂ ਤਲਵਾਰਾਂ

ਪੰਜਾਬ ਦੀ ਸ਼ਾਂਤੀ ਨੂੰ ਬਣਾਈ ਰੱਖਣਾ ਸਾਡੀ ਜ਼ਿੰਮੇਵਾਰੀ ਹੈ
ਪੰਜਾਬ ਵਿਚ ਲਾਅ ਐਂਡ ਆਰਡਰ ਸਬੰਧੀ ਸਰਕਾਰ ’ਤੇ ਟਿੱਪਣੀਆਂ ਹੋ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੀ ਹਾਲਤ ਸਾਂਭੀ ਨਹੀਂ ਜਾ ਰਹੀ। ਲੁੱਟ-ਖਸੁੱਟ, ਕਤਲੇਆਮ ਅਤੇ ਹੁਣੇ ਜਿਹੇ ਮੋਰਿੰਡਾ ਵਿਚ ਸਾਹਮਣੇ ਆਇਆ ਬੇਅਦਬੀ ਦਾ ਮਸਲਾ ਇਸ ਦੀਆਂ ਉਦਾਹਰਣਾਂ ਹਨ। ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਘੇਰ ਰਹੀਆਂ ਹਨ। ਇਸ ’ਤੇ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਕੀ ਪੰਜਾਬ ਵਿਚ ਟਾਰਗੈਟਿੰਗ ਕਿਲਿੰਗ ਹੋਈਆਂ ਸਨ ਜਾਂ ਨਹੀਂ?
ਕਾਂਗਰਸ ਸਰਕਾਰ ਦੇ ਸਮੇਂ ਇਕ ਧਰਮ ਦੇ ਲੋਕਾਂ ਦੀਆਂ ਹੱਤਿਆਵਾਂ ਹੋਈਆਂ ਸਨ। ਅਕਾਲੀ ਦਲ-ਭਾਜਪਾ ਦੀ ਸਰਕਾਰ ਦੇ ਸਮੇਂ ਜਗ੍ਹਾ-ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ। ਨਾ ਤਾਂ 2 ਸਾਲ ਤਕ ਅਕਾਲੀ ਦਲ-ਭਾਜਪਾ ਨੇ ਚਲਾਨ ਪੇਸ਼ ਕੀਤਾ ਅਤੇ ਨਾ ਹੀ 5 ਸਾਲ ਤਕ ਕਾਂਗਰਸ ਨੇ। ਸਾਡੀ ਸਰਕਾਰ ਨੇ ਆਉਂਦਿਆਂ ਹੀ ਚਲਾਨ ਪੇਸ਼ ਕੀਤਾ ਅਤੇ ਹਾਂ ਮੋਰਿੰਡਾ ਵਿਚ ਜੋ ਘਟਨਾ ਹੋਈ ਹੈ, ਉਸ ਦਾ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕਾ ਹੈ ਅਤੇ ਕਾਨੂੰਨ ਮੁਤਾਬਕ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਸਾਡੀ ਸਰਕਾਰ ਕਾਰਵਾਈ ਵਿਚ ਕੋਈ ਢਿੱਲ ਨਹੀਂ ਛੱਡ ਰਹੀ। ਪੰਜਾਬ ਦੇ ਹਾਲਾਤ ਬਿਲਕੁਲ ਠੀਕ ਹਨ। ਅਸਲ ਵਿਚ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ। ਪੰਜਾਬ ਵਿਚ ਜੇ ਨਿਵੇਸ਼ਕ ਆ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਪੰਜਾਬ ਦਾ ਮਾਹੌਲ ਠੀਕ ਹੈ। ਸੂਬੇ ਵਿਚ ਸ਼ਾਂਤੀ ਬਣਾਈ ਰੱਖਣਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ, ਜਿਸ ਨੂੰ ਅਸੀਂ ਨਿਭਾਅ ਰਹੇ ਹਾਂ।

ਕਾਂਗਰਸ ਦੇ ਰਾਜ ਵਿਚ ਸਿਖਰ ’ਤੇ ਸੀ ਭ੍ਰਿਸ਼ਟਾਚਾਰ
ਪ੍ਰਤਾਪ ਬਾਜਵਾ ਕਹਿੰਦੇ ਹਨ ਕਿ ਖ਼ਜ਼ਾਨਾ ਮੰਤਰੀ ਪੰਜਾਬ ਦਾ ਖਜ਼ਾਨਾ ਭਰਨ ਵਿਚ ਨਾਕਾਮ ਸਾਬਤ ਹੋਏ ਹਨ। ਇਸ ’ਤੇ ਚੀਮਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਖਜ਼ਾਨਾ ਖਾਲੀ ਸੀ। ਉਨ੍ਹਾਂ ਦੇ ਮੁੱਖ ਮੰਤਰੀ ਅਤੇ ਮੰਤਰੀ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋਂਦੇ ਰਹਿੰਦੇ ਸਨ। ਇਹੀ ਨਹੀਂ, ਸਾਢੇ 4 ਸਾਲ ਬਾਅਦ ਮਜਬੂਰ ਹੋ ਕੇ ਉਨ੍ਹਾਂ ਨੂੰ ਆਪਣਾ ਮੁੱਖ ਮੰਤਰੀ ਤਕ ਬਦਲਣਾ ਪਿਆ। ਕਾਂਗਰਸ ਪਾਰਟੀ ਦੀ ਸਰਕਾਰ ਦੇ ਫੇਲ ਹੋਣ ਦਾ ਇਸ ਨਾਲੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ।
ਸਾਡੀ ਸਰਕਾਰ ਦਾ ਇਸ ਨਾਲੋਂ ਵੱਡਾ ਸਬੂਤ ਹੋਰ ਕੀ ਪੇਸ਼ ਹੋ ਸਕਦਾ ਹੈ ਕਿ ਪਹਿਲੀ ਵਾਰ ਐਕਸਾਈਜ਼ ਪਾਲਿਸੀ ਲਿਆਂਦੀ ਗਈ ਅਤੇ ਲਗਭਗ 2900 ਕਰੋਡ਼ ਰੁਪਏ ਨਾਲ ਪੰਜਾਬ ਦਾ ਖਜ਼ਾਨਾ ਭਰਿਆ ਗਿਆ। ਜੀ. ਐੱਸ. ਟੀ. ਵਿਚ 16 ਫ਼ੀਸਦੀ ਦਾ ਵਾਧਾ ਹੋ ਗਿਆ। ਕਿਸੇ ਵੀ ਰੈਵੇਨਿਊ ਦੇ ਹੈੱਡ ਵਿਚ ਘਾਟਾ ਨਹੀਂ ਪਿਆ, ਸਗੋਂ ਪੈਸਾ ਵਧਿਆ ਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮਸਲਿਆਂ ’ਤੇ ਦਿਨ ਵਿਚ ਕਈ-ਕਈ ਵਾਰ ਮੀਟਿੰਗਾਂ ਕਰਦੇ ਹਨ ਅਤੇ ਮੁੱਖ ਮੰਤਰੀ ਸਮੇਤ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ ਵੀ ਮੀਟਿੰਗਾਂ ਵਿਚ ਰੁੱਝੇ ਰਹਿੰਦੇ ਹਨ। ਦੂਜੇ ਪਾਸੇ ਕਾਂਗਰਸ ਦੇ ਰਾਜ ਵਿਚ ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਉਨ੍ਹਾਂ ਦੇ ਮੰਤਰੀ ਕੋਈ ਮੀਟਿੰਗ ਕਰਦੇ ਸਨ, ਸਗੋਂ ਉਸ ਵੇਲੇ ਭ੍ਰਿਸ਼ਟਾਚਾਰ ਸਿਖਰ ’ਤੇ ਸੀ ਅਤੇ ਪੰਜਾਬ ਉੱਪਰ ਲਗਭਗ ਇਕ ਲੱਖ ਕਰੋਡ਼ ਰੁਪਏ ਦਾ ਕਰਜ਼ਾ ਚੜ੍ਹ ਗਿਆ, ਜਦੋਂਕਿ ਸਾਡੀ ਸਰਕਾਰ ਨੇ 36 ਹਜ਼ਾਰ ਕਰੋਡ਼ ਦਾ ਕਰਜ਼ਾ ਚੁਕਾਇਆ ਹੈ।

ਭਾਜਪਾ ਦਾ ਅੰਤ ਸ਼ੁਰੂ ਹੋ ਚੁੱਕਾ ਹੈ
ਕੇਂਦਰ ਵਿਚ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ’ਤੇ ਸੀ. ਬੀ. ਆਈ. ਸ਼ਿਕੰਜਾ ਕੱਸ ਰਹੀ ਹੈ ਅਤੇ ਪੰਜਾਬ ਵਿਚ ਵੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜਾਂਚ ਦੀ ਮੰਗ ਉੱਠ ਰਹੀ ਹੈ। ਇਸ ’ਤੇ ਚੀਮਾ ਨੇ ਕਿਹਾ ਕਿ ਜਦੋਂ ਕਿਸੇ ਵੀ ਦੇਸ਼ ਦਾ ਰਾਜਾ ਤਾਨਾਸ਼ਾਹ ਬਣ ਜਾਵੇ ਅਤੇ ਆਪਣੀਆਂ ਏਜੰਸੀਆਂ ਦੀ ਗੈਰ-ਕਾਨੂੰਨੀ ਤੌਰ ’ਤੇ ਵਰਤੋਂ ਕਰਨ ਲੱਗੇ ਤਾਂ ਇਸ ਦਾ ਮਤਲਬ ਹੈ ਕਿ ਉਸ ਰਾਜੇ ਦੇ ਰਾਜ ਦਾ ਅੰਤ ਲਿਖਿਆ ਗਿਆ ਹੈ ਅਤੇ ਭਾਜਪਾ ਦਾ ਅੰਤ ਵੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਵੱਡੇ ਨੇਤਾਵਾਂ ਅਰਵਿੰਦ ਕੇਜਰੀਵਾਲ, ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ, ਮਮਤਾ ਬੈਨਰਜੀ ਅਤੇ ਬਿਹਾਰ ਵਿਚ ਨਿਤੀਸ਼ ਕੁਮਾਰ ਵਰਗੇ ਨੇਤਾਵਾਂ ਨੂੰ ਚੁਣ-ਚੁਣ ਕੇ ਟਾਰਗੈੱਟ ਕੀਤਾ ਜਾ ਰਿਹਾ ਹੈ। ਦੇਸ਼ ਦੀ ਸਰਕਾਰ ਜਦੋਂ ਵੀ ਤਾਨਾਸ਼ਾਹ ਬਣੀ ਹੈ ਤਾਂ ਲੋਕਾਂ ਨੇ ਸਰਕਾਰ ਨੂੰ ਮੂੰਹ-ਤੋੜਵਾਂ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ : ਟਾਂਡਾ ਵਿਖੇ ਸਰਕਾਰੀ ਸਕੂਲ ਦੀ ਗਰਾਊਂਡ 'ਚੋਂ ਮਿਲੀ 23 ਸਾਲਾ ਨੌਜਵਾਨ ਦੀ ਲਾਸ਼, ਫ਼ੈਲੀ ਸਨਸਨੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri