ਮਾਈਨਿੰਗ ਵਿਭਾਗ ਦੇ ਡਾਇਰੈਕਟਰ ਨੇ ਡਿਪਟੀ ਕਮਿਸ਼ਨਰ ਤੋਂ ਮੰਗੀ ਰਿਪੋਰਟ

11/21/2017 1:24:17 PM

ਪਟਿਆਲਾ (ਬਲਜਿੰਦਰ, ਰਾਣਾ)-ਮਾਈਨਿੰਗ ਵਿਭਾਗ ਦੇ ਜਨਰਲ ਮੈਨੇਜਰ ਟਹਿਲ ਸਿੰਘ ਸੇਖੋਂ ਨਾਲ ਮਾਈਨਿੰਗ ਮਾਫੀਆ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਬਾਅਦ ਵਿਚ ਪੁਲਸ ਵੱਲੋਂ ਉਸ ਦੇ ਪਰਿਵਾਰ ਦੀ ਕੀਤੀ ਕੁੱਟਮਾਰ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਸਬੰਧੀ ਮਾਈਨਿੰਗ ਵਿਭਾਗ ਦੇ ਡਾਇਰੈਕਟਰ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਕੋਲੋਂ ਵਿਸਥਾਰ 'ਚ ਰਿਪੋਰਟ ਮੰਗੀ ਗਈ ਹੈ। ਅੱਜ ਪੀੜਤ ਜਨਰਲ ਮੈਨੇਜਰ ਟਹਿਲ ਸਿੰਘ ਸੇਖੋਂ ਆਈ. ਜੀ. ਜ਼ੋਨ ਪਟਿਆਲਾ ਸ਼੍ਰੀ ਏ. ਐੈੱਸ. ਰਾਏ ਨੂੰ ਮਿਲੇ। ਉਨ੍ਹਾਂ ਲਿਖਤੀ ਰੂਪ ਵਿਚ ਇੱਕ ਸ਼ਿਕਾਇਤ ਦੇ ਕੇ ਆਈ. ਜੀ. ਪਟਿਆਲਾ ਤੋਂ ਮੰਗ ਕੀਤੀ ਕਿ ਥਾਣਾ ਸ਼ੰਭੂ ਦੇ ਐੈੱਸ. ਐੈੱਚ. ਓ. ਇੰਸ. ਕੁਲਵਿੰਦਰ ਸਿੰਘ ਨੂੰ ਉਸ ਦੇ ਵਿਵਹਾਰ ਲਈ ਸਸਪੈਂਡ ਕੀਤਾ ਜਾਵੇ। 
ਉਨ੍ਹਾਂ ਆਈ. ਜੀ. ਨੂੰ ਮਿਲਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨਾਲ ਸਰਾਸਰ ਧੱਕਾ ਹੋਇਆ ਹੈ। ਸਿਆਸੀ ਦਬਾਅ ਹੇਠ ਆ ਕੇ ਜਿੱਥੇ ਮਾਈਨਿੰਗ ਮਾਫੀਆ ਨੇ ਸਰਕਾਰੀ ਡਿਊਟੀ ਦੌਰਾਨ ਉਸ ਨਾਲ ਸ਼ਰੇਆਮ ਗੁੰਡਾਗਰਦੀ ਕੀਤੀ, ਉਥੇ ਪੁਲਸ ਨੇ ਉਨ੍ਹਾਂ ਦੀ ਕੋਈ ਗੱਲ ਸੁਣਨ ਦੀ ਬਜਾਏ ਉਲਟਾ ਉਸ ਅਤੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਜਿਹੜਾ ਕੇਸ ਦਰਜ ਕੀਤਾ ਗਿਆ ਹੈ, ਉਹ ਨਿਗੂਣੀਆਂ ਜਿਹੀਆਂ ਧਾਰਾਵਾਂ ਲਾ ਕੇ ਸਿਰਫ ਖਾਨਾਪੂਰਤੀ ਕੀਤੀ ਗਈ ਹੈ। ਟਹਿਲ ਸਿੰਘ ਸੇਖੋਂ ਨੇ ਦੱਸਿਆ ਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਫਿਰ ਵੀ ਕੋਈ ਧਾਰਾ ਨਹੀਂ ਲਾਈ ਗਈ। ਉਨ੍ਹਾਂ ਦੀ ਕਾਰ 'ਤੇ ਟਿੱਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ। ਹੱਤਿਆ ਕਰਨ ਦੀ ਕੋਸ਼ਿਸ਼ 'ਚ ਕੋਈ ਧਾਰਾ ਨਹੀਂ ਲਾਈ ਗਈ। ਉਨ੍ਹਾਂ ਨੂੰ ਕਿਡਨੈਪ ਕਰ ਕੇ ਰੱਖਿਆ ਗਿਆ। ਇਥੇ ਵੀ ਕੋਈ ਧਾਰਾ ਨਹੀਂ ਲਾਈ ਗਈ। ਇੰਨਾ ਹੀ ਨਹੀਂ, ਪੁਲਸ ਨੇ ਉਸ ਦੇ ਸਾਹਮਣੇ ਉਸ ਦੇ ਪੁੱਤਰ ਅਤੇ ਭਤੀਜੇ ਦੀ ਕੁੱਟਮਾਰ ਕੀਤੀ। ਕਈ ਡਾਂਗਾਂ ਉਨ੍ਹਾਂ ਨੂੰ ਬਚਾਅ ਕਰਦੇ ਸਮੇਂ ਲੱਗੀਆਂ। ਇਸ ਬਾਰੇ ਕੋਈ ਐਕਸ਼ਨ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਐੈੱਸ. ਐੈੱਚ. ਓ. ਨੂੰ ਤੁਰੰਤ ਸਸਪੈਂਡ ਕੀਤਾ ਜਾਵੇ। 
ਟਹਿਲ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਖਿਲਾਫ ਜ਼ਬਰਦਸਤੀ ਕਰਾਸ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਉਸ ਨੇ ਕੋਈ ਗੋਲੀ ਨਹੀਂ ਚਲਾਈ। ਉਲਟਾ ਮਾਈਨਿੰਗ ਮਾਫੀਆ ਦੇ ਗੁੰਡਿਆਂ ਵੱਲੋਂ ਉਸ ਦਾ ਪਿਸਤੌਲ ਖੋਹ ਕੇ ਹਵਾਈ ਫਾਇਰ ਕੀਤੇ ਅਤੇ ਜਬਰੀ ਟਾਇਰ ਵਿਚ ਗੋਲੀ ਮਾਰੀ ਗਈ। ਜੀ. ਐੱਮ. ਮਾਈਨਿੰਗ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਮਾਈਨਿੰਗ ਵਿਭਾਗ ਦੇ ਸਮੁੱਚੇ ਅਫਸਰ ਮਾਈਨਿੰਗ ਦੀ ਚੈਕਿੰਗ ਦਾ ਬਾਈਕਾਟ ਕਰਨਗੇ। ਉਨ੍ਹਾਂ ਆਈ. ਜੀ. ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਰਾਜਨੀਤਕ ਹੱਥਾਂ ਵਿਚ ਖੇਡਣ ਵਾਲੇ ਐੈੱਸ. ਐੈੱਚ. ਓ. ਨੂੰ ਸਸਪੈਂਡ ਕਰ ਕੇ ਵਿਭਾਗੀ ਜਾਂਚ ਕੀਤੀ ਜਾਵੇ।