ਮਿੰਨੀ ਬੱਸ ਮਾਲਕਾਂ ਨੇ ਟ੍ਰੈਫਿਕ ਇੰਚਾਰਜ ਨੂੰ ਦਿੱਤਾ ਮੰਗ ਪੱਤਰ

01/22/2018 5:08:08 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਥਾਣਾ ਝਬਾਲ ਸਥਿਤ ਟ੍ਰੈਫਿਕ ਵਿੰਗ ਦੇ ਦਫਤਰ ਅੱਗੇ ਮਿੰਨੀ ਬੱਸ ਮਾਲਕਾਂ ਵੱਲੋਂ ਸੋਮਵਾਰ ਨੂੰ ਟ੍ਰੈਫਿਕ ਇੰਚਾਰਜ ਅਸ਼ਵਨੀ ਕੁਮਾਰ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਗੈਰ-ਪਰਮਿਟ ਆਟੋ ਚਾਲਕਾਂ ਵਿਰੋਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗੈਰ-ਪਰਮਿਟ ਆਟੋ ਚਾਲਕਾਂ ਵੱਲੋਂ ਬੱਸਾਂ ਦੀਆਂ ਸਵਾਰੀਆਂ ਦੀ ਢੋਆ-ਢੋਆਈ ਕਰਨ ਕਰਕੇ ਬੱਸ ਚਾਲਕਾਂ ਦਾ ਕਾਰੋਬਾਰ ਪ੍ਰਭਵਿਤ ਹੋ ਰਿਹਾ ਹੈ। ਮਿੰਨੀ ਬੱਸ ਅਪ੍ਰੇਟਰ ਯੂਨੀਅਨ ਸਰਕਲ ਝਬਾਲ ਦੇ ਪ੍ਰਧਾਨ ਸੁਖਪਾਲ ਸਿੰਘ ਢੰਡ, ਮੀਤ ਪ੍ਰਧਾਨ ਹਰਜੀਤ ਸਿੰਘ ਮੀਆਂਪੁਰ ਅਤੇ ਸਰਪੰਚ ਜਸਬੀਰ ਸਿੰਘ ਸਵਰਗਾਪੁਰੀ ਦੀ ਅਗਵਾਈ 'ਚ ਇਕੱਤਰ ਹੋਏ ਬੱਸ ਅਪ੍ਰੇਟਰਾਂ ਨੇ ਦੋਸ਼ ਲਾਇਆ ਕਿ ਭਿੱਖੀਵਿੰਡ ਕਸਬੇ ਦੇ ਇਕ ਆਟੋ ਯੂਨੀਅਨ ਦੇ ਕਥਿਤ ਪ੍ਰਧਾਨ ਵੱਲੋਂ ਆਟੋ ਯੂਨੀਅਨ ਦੇ ਕਾਰਡ ਤਿਆਰ ਕਰਕੇ 100/100 ਰੁਪਏ 'ਚ ਆਟੋ ਚਾਲਕਾਂ ਨੂੰ ਦਿੱਤੇ ਜਾ ਰਹੇ ਹਨ ਤੇ ਉਕਤ ਆਟੋ ਚਾਲਕ ਜਿੰਨ੍ਹਾਂ ਦੇ ਕੋਲ ਕਸਬੇ ਦਾ ਪਰਮਿਟ ਵੀ ਨਹੀਂ ਹੈ ਤੇ ਕਸਬੇ ਤੋਂ ਬਾਹਰੀ ਆਟੋ ਚਾਲਕ ਹਨ, ਉਨ੍ਹਾਂ ਵੱਲੋਂ ਸਵਾਰੀਆਂ ਦੀ ਢੋਆ-ਢੋਆਈ ਕਰਕੇ ਬੱਸ ਮਾਲਕਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਬੱਸ ਮਾਲਕਾਂ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਕਥਿਤ ਪ੍ਰਧਾਨ ਨਾਲ ਟ੍ਰੈਫਿਕ ਪੁਲਸ ਦੇ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸਵਾਰੀਆਂ ਦੀ ਢੋਆ-ਢੋਆਈ ਕਰਦੇ ਉਕਤ ਕੁਝ ਆਟੋ ਚਾਲਕਾਂ ਨੂੰ ਜਦੋਂ ਰੋਕ ਕੇ ਉਨ੍ਹਾਂ ਵੱਲੋਂ ਬਿਨ੍ਹਾਂ ਪਰਮਿਟ ਗੈਰ ਕਾਨੂੰਨੀ ਢੰਗ ਨਾਲ ਸਵਾਰੀਆਂ ਦੀ ਢੋਆ-ਢੋਆਈ ਕਰਨ 'ਤੇ ਬੱਸ ਮਾਲਕਾਂ ਨੇ ਇਤਰਾਜ਼ ਜਿਤਾਇਆ ਗਿਆ ਤਾਂ ਉਕਤ ਆਟੋ ਚਾਲਕਾਂ ਵੱਲੋਂ ਟ੍ਰੈਫਿਕ ਪੁਲਸ ਨੂੰ ਮਹੀਨਾਂ ਭਰਨ ਦਾ ਦਾਅਵਾ ਕਰਦਿਆਂ ਉਕਤ ਕਾਰਡਾਂ ਦਾ ਹਵਾਲਾ ਦਿੱਤਾ ਕਿ ਉਹ ਉਕਤ ਯੂਨੀਅਨ ਦੇ ਮੈਂਬਰ ਹਨ। ਦੂਜੇ ਪਾਸੇ ਟ੍ਰੈਫਿਕ ਦਿਹਾਤੀ ਵਿੰਗ 2 ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਤਰੁੰਤ ਮਿੰਨੀ ਬੱਸ ਮਾਲਕਾਂ ਨਾਲ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਅਜਿਹੇ 23 ਆਟੋ ਚਾਲਕਾਂ ਦੇ ਚਲਾਨ ਕੱਟੇ ਗਏ ਹਨ ਜੋ ਨਿਯਮਾਂ 'ਤੇ ਖਰੇ ਨਹੀਂ ਉਤਰਦੇ ਸਨ। ਅਸ਼ਵਨੀ ਕੁਮਾਰ ਨੇ ਬੱਸ ਅਪ੍ਰੇਟਰਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਬਿਨ੍ਹਾਂ ਪਰਮਿਟ ਆਟੋ ਕਸਬਾ ਝਬਾਲ ਅੰਦਰ ਦਾਖਲ ਨਹੀਂ ਹੋਣ ਦਿੱਤੇ ਜਾਣਗੇ। ਕਥਿਤ ਯੂਨੀਅਨ ਦੇ ਕਾਰਡਾਂ ਦੀ ਜਾਂਚ ਕੀਤੀ ਜਾਵੇਗੀ, ਜਾਅਲੀ ਪਾਏ ਜਾਣ 'ਤੇ ਯੂਨੀਅਨ ਦੇ ਪ੍ਰਧਾਨ ਵਿਰੋਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਅੱਡਾ ਝਬਾਲ ਤੋਂ ਇਲਾਵਾ ਬਾਹਰੀ ਆਟੋਆਂ ਵਿਰੋਧ ਸ਼ਿਕੰਜਾ ਕੱਸਦਿਆਂ ਉਨ੍ਹਾਂ ਨੂੰ ਪੱਕੇ ਤੌਰ 'ਤੇ ਥਾਣੇ ਅੰਦਰ ਬੰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਬੱਸ ਅਪ੍ਰੇਟਰ ਯੂਨੀਅਨ ਝਬਾਲ ਦੇ ਸੈਕਟਰੀ ਗੁਰਦੇਵ ਸਿੰਘ ਸੋਹਲ, ਅੰਮ੍ਰਿਤਸਰ ਮਿੰਨੀ ਬੱਸ ਯੂਨੀਅਨ ਦੇ ਸਕੱਤਰ ਸੁਖਬੀਰ ਸਿੰਘ ਸੋਹਲ, ਮਨਦੀਪ ਸਿੰਘ ਸਾਘਣਾਂ, ਗੁਰਦੇਵ ਸਿੰਘ, ਮਨਜਿੰਦਰ ਸਿੰਘ ਖੁਆਲੀ, ਸੁਖਜਿੰਦਰ ਸਿੰਘ ਮੀਆਂਪੁਰ, ਗੁਰਮੀਤ ਸਿੰਘ ਮੀਆਂਪੁਰ, ਕੁਲਵੰਤ ਸਿੰਘ ਪੰਜਵੜ, ਰਾਜਵਿੰਦਰ ਸਿੰਘ ਬੁਰਜ, ਡਿੰਪਲ ਝਬਾਲ ਅਤੇ ਜੋਰਾ ਸਿੰਘ ਆਦਿ ਹਾਜ਼ਰ ਸਨ।