ਕਿਸਾਨਾਂ ਨੇ ਮਿੱਲ ਪ੍ਰਬੰਧਕਾਂ ਦਾ ਕੀਤਾ ਪਿੱਟ ਸਿਆਪਾ

Thursday, Jul 05, 2018 - 01:06 AM (IST)

ਕਾਹਨੂੰਵਾਨ/ਗੁਰਦਾਸਪੁਰ,   (ਵਿਨੋਦ, ਹਰਮਨਪ੍ਰੀਤ)-  ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਦਾ ਸਾਲ 2017-18 ਦਾ ਅਰਬਾਂ ਰੁਪਏ ਬਕਾਇਆ ਮਿੱਲਾਂ ਵੱਲ ਖਡ਼੍ਹਾ ਹੈ। ਇਨ੍ਹਾਂ ਅਦਾਇਗੀਆਂ ਦੀ ਪ੍ਰਾਪਤੀ ਲਈ ਕਿਸਾਨਾਂ ਨੇ ਅੱਜ ਪੱਗਡ਼ੀ ਸੰਭਾਲ ਜੱਟਾ ਲਹਿਰ ਦੀ ਅਗਵਾਈ ’ਚ ਪੁਰਾਣਾ ਸ਼ਾਲਾ ’ਚ ਵੱਡਾ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਵੱਖ-ਵੱਖ ਕਿਸਾਨ ਆਗੂਆਂ ਨੇ ਗੰਨਾ ਮਿੱਲ ਪ੍ਰਬੰਧਕਾਂ ਖਿਲਾਫ ਕਿਸਾਨਾਂ ਨੂੰ ਲਾਮਬੰਦ ਕੀਤਾ। ਇਸ ਦੌਰਾਨ ਕਿਸਾਨਾਂ ਨੇ ਮਿੱਲ ਪ੍ਰਬੰਧਕਾਂ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ।
 ਇਸ ਮੌਕੇ ਪੱਗਡ਼ੀ ਸੰਭਾਲ ਜੱਟਾ ਲਹਿਰ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਕਾਕੀ ਨੇ ਕਿਹਾ ਕਿ ਸਮੂਹ ਪੰਜਾਬ ਦੇ ਕਿਸਾਨਾਂ ਦਾ 876 ਕਰੋਡ਼ ਰੁਪਏ ਮਿੱਲਾਂ ਵੱਲ ਬਕਾਇਆ ਹਨ। ਇਨ੍ਹਾਂ ਵਿਚੋਂ ਹਲਕੇ ਦੇ ਕਿਸਾਨਾਂ ਦਾ ਮੁਕੇਰੀਆਂ ਮਿੱਲ ਵੱਲ 95 ਕਰੋਡ਼ ਤੇ ਕੀਡ਼ੀ ਅਫਗਾਨਾ ਮਿੱਲ ਵੱਲ 110 ਕਰੋਡ਼ ਰੁਪਏ ਬਕਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਕਾਇਆਂ ਲਈ ਕਿਸਾਨ ਹਰ ਪੱਧਰ ਦਾ ਸੰਘਰਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਵਾਮੀਨਾਥਨ  ਰਿਪੋਰਟ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨਾਂ ਦਾ ਭਲਾ ਨਹੀਂ ਹੋਵੇਗਾ। ਇਸ ਦੌਰਾਨ ਜਥੇਬੰਦੀ ਦੇ ਬੁਲਾਰੇ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਅਗਲੀ ਗੰਨੇ ਦੀ ਫਸਲ ਲਈ ਹੁਣ ਤੋਂ ਹੀ ਲਾਮਬੰਦ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਹੁਣ ਉਹ ਪਿੰਡ-ਪਿੰਡ ਜਾ ਕੇ ਕਿਸਾਨਾਂ ਨਾਲ ਮੀਟਿੰਗਾਂ ਕਰਨਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਮਿੱਲਾਂ ਨੂੰ ਘੇਰਨ ਦੀਆਂ ਤਰੀਕਾਂ ਮਿੱਥ ਕੇ ਕਿਸਾਨਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨਾਂ ਨੇ ਮਿੱਲ ਪ੍ਰਬੰਧਕਾਂ ਦਾ ਪਿੱਟ ਸਿਆਪਾ ਵੀ ਕੀਤਾ। ਇਸ ਧਰਨੇ ਨੂੰ ਠਾਕੁਰ ਜਗਦੇਵ ਸਿੰਘ, ਸਤਨਾਮ ਬਾਗਡ਼ੀਆਂ, ਬਲਦੇਵ ਸੇਖਵਾਂ, ਬਲਬੀਰ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ।   
 


Related News