ਇਲਾਕੇ ਦੀ ਸੱਭ ਤੋਂ ਵੱਡੀ ਦਾਣਾ ਮੰਡੀ ਅੱਪਰਾ ਵਿਖੇ ਲੱਖਾਂ ਦੀ ਗਿਣਤੀ ''ਚ ਬੋਰੀਆਂ ''ਖੁੱਲੇ ਆਸਮਾਨ'' ਹੇਠ

05/03/2021 8:06:00 PM

ਅੱਪਰਾ, (ਦੀਪਾ)- ਇਲਾਕੇ ਦੀ ਸੱਭ ਤੋਂ ਵੱਡੀ ਮੰਡੀ ਦਾਣਾ ਅੱਪਰਾ ਵਿਖੇ ਲਿਫਟਿੰਗ ਨਾ ਹੋਣ ਕਾਰਣ ਲਗਭਗ 2 ਲੱਖ 15 ਹਜ਼ਾਰ ਕਣਕ ਦੀ ਫ਼ਸਲ ਦੀਆਂ ਬੋਰੀਆਂ 'ਖੁੱਲੇ ਆਸਮਾਨ' ਹੇਠ ਪਈਆਂ ਹਨ | ਜਿਸ ਕਾਰਣ ਆੜ੍ਹਤੀਆਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ | ਇੱਕ ਪਾਸੇ ਲਿਫਟਿੰਗ ਨਹੀਂ ਹੋ ਰਹੀ, ਦੂਸਰਾ ਉਨ੍ਹਾਂ ਨੂੰ ਬੋਰੀਆਂ ਦੀ ਸਾਂਭ-ਸੰਭਾਲ ਤੇ ਰੱਖ-ਰਖਾਵ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ, ਉਪਰੋਂ ਮੀਂਹ ਤੇ ਝੱਪੜ ਕਾਰਣ ਆੜ੍ਹਤੀਆਂ 'ਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚਮਨ ਲਾਲ ਕਾਲਾ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਫਿਲੌਰ ਨੇ ਦੱਸਿਆ ਕਿ ਖਰੀਦ ਏਜੰਸੀ ਐੱਫ. ਸੀ. ਆਈ. ਦੀਆਂ 1 ਲੱਖ 66 ਹਜ਼ਾਰ ਬੋਰੀਆਂ ਤੇ ਮਾਰਕਫੈੱਡ ਦੀਆਂ 49 ਹਜ਼ਾਰ ਬੋਰੀਆਂ ਖੁੱਲੇ ਆਸਮਾਨ ਹੇਠ ਪਈਆਂ ਹਨ, ਜਦਕਿ ਖਰੀਦ ਏਜੰਸੀ ਪਨਗ੍ਰੇਨ ਵਲੋਂ ਖਰੀਦੀ ਹੋਈ ਸਾਰੀ ਕਣਕ ਦੀ ਸਾਰੀ ਫ਼ਸਲ ਦੀ ਲਿਫਟਿੰਗ ਹੋ ਚੁੱਕੀ ਹੈ | ਚਮਨ ਲਾਲ ਨੇ ਅੱਗੇ ਦੱਸਿਆ ਕਿ ਕੰਨਟੇਨਰਾਂ ਦੀ ਕਮੀ ਦੇ ਕਾਰਣ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ | ਉਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਸਮੱਸਿਆ ਦਾ ਜਲਦ ਤੋਂ ਜਲਦ ਹਲ ਕੀਤਾ ਜਾਵੇ ਤਾਂ ਕਿ ਆੜ੍ਹਤੀ ਤੇ ਮਜ਼ਦੂਰ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਦਾ ਹਲ ਹੋ ਸਕੇ | 

Bharat Thapa

This news is Content Editor Bharat Thapa