ਦੂਸਰੇ ਦੀ ਜ਼ਮੀਨ ਗਿਰਵੀ ਰੱਖ ਬੈਂਕ ਤੋਂ ਲਿਆ ਲੱਖਾਂ ਦਾ ਕਰਜਾ

12/06/2019 1:01:20 AM

ਕਪੂਰਥਲਾ, (ਭੂਸ਼ਣ)- ਇਕ ਵਿਅਕਤੀ ਵੱਲੋਂ ਇਕ ਜਾਣਕਾਰ ਦੀ 2 ਏਕਡ਼ ਜ਼ਮੀਨ ਬੈਂਕ ਵਿਚ ਧੋਖੇ ਨਾਲ ਗਿਰਵੀ ਰੱਖ ਕੇ 16.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਗੁਰਦਿਆਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਕੁਹਾਲਾ ਕਲਾ ਜ਼ਿਲਾ ਜਲੰਧਰ ਨੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਅਤੇ ਹਰਨੇਕ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਕੁਹਾਲਾ ਕਲਾ ਪ੍ਰਾਈਵੇਟ ਬੱਸ ’ਚ ਡਰਾਈਵਰ ਕੰਡਕਟਰੀ ਕਰਦੇ ਸਨ। ਉਸ ਨੂੰ ਹਰਨੇਕ ਸਿੰਘ ਨੇ ਕਿਹਾ ਕਿ ਉਸ ਦੀ ਮਾਲੀ ਹਾਲਤ ਬਹੁਤ ਖ਼ਰਾਬ ਹੈ ਅਤੇ ਉਹ ਕਾਰੋਬਾਰ ਲਈ 16.50 ਲੱਖ ਰੁਪਏ ਦੀ ਲੋਡ਼ ਹੈ। ਜਿਸ ’ਤੇ ਉਸ ਨੇ ਹਰਨੇਕ ਸਿੰਘ ਦੀਆਂ ਗੱਲਾਂ ਵਿਚ ਆ ਕੇ ਆਪਣੀ 2 ਏਕਡ਼ ਜ਼ਮੀਨ ਓ. ਬੀ. ਸੀ. ਬੈਂਕ ਕਾਲਾ ਸੰਘਿਆਂ ਵਿਚ ਗਿਰਵੀ ਰੱਖ ਕੇ 16.50 ਲੱਖ ਰੁਪਏ ਕਰਜ਼ ਲੈ ਕੇ ਸਾਰੀ ਰਕਮ ਹਰਨੇਕ ਸਿੰਘ ਨੂੰ ਦੇ ਦਿੱਤੀ। ਜਿਸ ’ਤੇ ਹਰਨੇਕ ਸਿੰਘ ਨੇ ਬੈਂਕ ਤੋਂ ਲਏ ਗਏ ਕਰਜ਼ ਦੀ ਬਣਦੀ ਕੋਈ ਵੀ ਕਿਸ਼ਤ ਜਮ੍ਹਾ ਨਹੀਂ ਕਰਵਾਈ ਅਤੇ ਉਸ ਦੀ ਲਿਮਟ ਵਿਆਜ ਸਮੇਤ 35 ਲੱਖ ਰੁਪਏ ਤਕ ਪਹੁੰਚ ਗਈ। ਜਦੋਂ ਉਸ ਨੇ ਹਰਨੇਕ ਸਿੰਘ ਨੂੰ ਬੈਂਕ ਦਾ ਕਰਜ਼ ਵਾਪਸ ਕਰਨ ਦਾ ਦਬਾਅ ਪਾਇਆ ਤਾਂ ਹਰਨੇਕ ਸਿੰਘ ਨੇ ਪੰਚਾਇਤ ਵਿਚ ਬੈਠ ਕੇ ਲਿਖਤੀ ਤੌਰ ’ਤੇ ਬੈਂਕ ਨੂੰ ਪੈਸਾ ਦੇਣ ਦਾ ਭਰੋਸਾ ਦਿੱਤਾ।

ਹਰਨੇਕ ਸਿੰਘ ਨੇ ਬੈਂਕ ਨੂੰ ਵਿਆਜ ਸਮੇਤ ਰਕਮ ਵਾਪਸ ਨਹੀਂ ਕੀਤੀ। ਜਿਸ ਕਾਰਣ ਉਸ ਦਾ ਭਾਰੀ ਨੁਕਸਾਨ ਹੋਇਆ। ਜਦੋਂ ਹਰਨੇਕ ਸਿੰਘ ਨੇ ਉਸ ਦੀ ਰਕਮ ਬੈਂਕ ਵਿਚ ਜਮ੍ਹਾ ਨਹੀਂ ਕਰਵਾਈ ਤਾਂ ਉਸ ਨੇ ਤੰੰਗ ਆ ਕੇ ਹਰਨੇਕ ਸਿੰਘ ਖਿਲਾਫ ਐੱਸ. ਐੱਸ. ਪੀ. ਸਤਿੰਦਰ ਸਿੰਘ ਨੂੰ ਸ਼ਿਕਾਇਤ ਕੀਤੀ। ਜਿਨ੍ਹਾਂ ਨੇ ਪੂਰੇ ਮਾਮਲੇ ਦੀ ਜਾਂਚ ਦਾ ਜ਼ਿੰਮਾ ਡੀ. ਐੱਸ. ਪੀ. ਸਬ-ਡਵੀਜ਼ਨ ਹਰਿੰਦਰ ਸਿੰਘ ਗਿੱਲ ਨੂੰ ਦਿੱਤਾ। ਸਬ ਡਵੀਜ਼ਨ ਨੇ ਆਪਣੀ ਜਾਂਚ ਵਿਚ ਹਰਨੇਕ ਸਿੰਘ ’ਤੇ ਲੱਗੇ ਸਾਰੇ ਇਲਜ਼ਾਮ ਸਹੀ ਪਾਏ। ਜਿਸ ਦੇ ਆਧਾਰ ’ਤੇ ਹਰਨੇਕ ਸਿੰਘ ਖਿਲਾਫ ਥਾਣਾ ਸਦਰ ਕਪੂਰਥਲਾ ਵਿਚ ਮਾਮਲਾ ਦਰਜ ਕਰ ਲਿਆ ਗਿਆ।

Bharat Thapa

This news is Content Editor Bharat Thapa