ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ

11/18/2017 2:03:05 AM

ਬੱਧਨੀ ਕਲਾਂ,   (ਬੱਬੀ)-  ਪਿੰਡ ਦੋਧਰ ਸਰਕੀ ਦੇ ਇਕ ਭੈਣ-ਭਰਾ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 31,14000 ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਬੱਧਨੀ ਕਲਾਂ ਪੁਲਸ ਵੱਲੋਂ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 
ਇਸ ਸਬੰਧੀ ਪਿੰਡ ਦੋਧਰ ਸਰਕੀ ਦੀ ਪੀੜਤਾ ਲੜਕੀ ਨੇ ਥਾਣਾ ਬੱਧਨੀ ਕਲਾਂ ਦੀ ਐੱਸ. ਐੱਚ. ਓ. ਨੂੰ ਕੀਤੀ ਸ਼ਿਕਾਇਤ 'ਚ ਕਿਹਾ ਸੀ ਕਿ 2016 ਉਹ ਮੋਹਾਲੀ ਦੀ ਇਕ ਕੰਪਨੀ 'ਚ ਮਾਰਕੀਟਿੰਗ ਦਾ ਕੰਮ ਕਰਦੀ ਸੀ, ਜਿਥੇ 2017 'ਚ ਉਸ ਦੀ ਮੁਲਾਕਾਤ ਵਰਿੰਦਰ ਸਿੰਘ ਉਰਫ ਵੈਲੀ ਨਾਂ ਦੇ ਇਕ ਵਿਅਕਤੀ ਨਾਲ ਹੋਈ, ਜਿਸ ਨੇ ਮੈਨੂੰ ਕਿਹਾ ਕਿ ਉਹ ਏਜੰਟ ਹੈ ਅਤੇ ਲੜਕੇ-ਲੜਕੀਆਂ ਨੂੰ ਵਿਦੇਸ਼ 'ਚ ਭੇਜਦਾ ਹੈ, ਤੁਹਾਨੂੰ ਵੀ 15 ਲੱਖ ਰੁਪਏ 'ਚ ਕੈਨੇਡਾ ਭੇਜ ਦੇਵੇਗਾ ਤੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵੇਗਾ, ਜਿਸ ਤੋਂ ਬਾਅਦ ਉਕਤ ਏਜੰਟ ਸਾਡੇ ਪਿੰਡ ਦੋਧਰ ਸਰਕੀ ਵਿਖੇ ਆਇਆ ਤੇ ਮੇਰੇ ਪਰਿਵਾਰ ਨਾਲ ਉਸ ਨੇ ਗੱਲਬਾਤ ਕੀਤੀ।
ਮੇਰੇ ਪਰਿਵਾਰ ਵੱਲੋਂ ਜ਼ਿਆਦਾ ਖਰਚਾ ਕਹਿਣ 'ਤੇ ਉਹ 13,50000 'ਤੇ ਆ ਗਿਆ, ਮੇਰੇ ਪਰਿਵਾਰ ਨੇ ਉਸ ਨੂੰ ਹਾਂ ਕਰ ਦਿੱਤੀ, ਜਿਸ 'ਤੇ ਉਹ ਮੇਰਾ ਅਸਲੀ ਪਾਸਪੋਰਟ ਨਾਲ ਲੈ ਗਿਆ ਤੇ ਫਿਰ ਕੁਝ ਦਿਨਾਂ ਬਾਅਦ ਉਹ ਮੁੜ ਸਾਡੇ ਘਰ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਤੇਰਾ ਵੀਜ਼ਾ ਆ ਗਿਆ ਹੈ ਅਤੇ ਉਸ ਨੇ ਮੇਰੇ ਪਰਿਵਾਰ ਦੀ ਗੈਰ-ਹਾਜ਼ਰੀ 'ਚ ਮੇਰੇ ਨਾਲ ਜਬਰ-ਜ਼ਨਾਹ ਵੀ ਕੀਤਾ ਤੇ ਸ਼ਾਮ ਨੂੰ ਜਦ ਮੇਰਾ ਪਰਿਵਾਰ ਵਾਪਸ ਘਰ ਆਇਆ ਤਾਂ ਉਸ ਨੇ 5 ਲੱਖ ਰੁਪਏ ਦੀ ਮੰਗ ਕੀਤੀ, ਜੋ ਮੇਰੇ ਪਰਿਵਾਰ ਨੇ ਦੇ ਦਿੱਤੇ। ਕੁਝ ਦਿਨ ਬਾਅਦ ਉਸ ਨੇ ਕਿਹਾ ਕਿ 17 ਅਪ੍ਰੈਲ, 2017 ਦੀ ਸਵੇਰੇ 2.30 ਵਜੇ ਦੀ ਫਲੈਟ ਹੈ ਤੇ ਟਿਕਟ ਮੈਂ ਲੈ ਲਈ ਹੈ, ਜਿਸ 'ਤੇ 16 ਅਪ੍ਰੈਲ ਨੂੰ ਮੇਰੇ ਮਾਤਾ-ਪਿਤਾ ਅਤੇ ਮੇਰਾ ਫੁੱਫੜ ਦਿੱਲੀ ਏਅਰਪੋਰਟ 'ਤੇ ਚਲੇ ਗਏ, ਜਿਥੇ ਸਾਨੂੰ ਉਕਤ ਏਜੰਟ ਨੇ ਕਿਹਾ ਕਿ ਫਲਾਈਟ ਲੇਟ ਹੋ ਗਈ ਹੈ ਤੇ ਹੁਣ ਚੇਨਈ ਦੇ ਰਸਤੇ ਤੋਂ ਜਾਣਾ ਹੋਵੇਗਾ, ਜਿਥੋਂ ਉਕਤ ਏਜੰਟ ਅਤੇ ਉਸ ਦਾ ਦੋਸਤ ਚੇਨਈ ਦਾ ਲਾਰਾ ਲਾ ਕੇ ਧੋਖੇ ਨਾਲ ਮੈਨੂੰ ਮੋਹਾਲੀ ਲੈ ਆਏ, ਜਿਥੇ ਇਕ ਫਲੈਟ 'ਚ ਰੱਖ ਕੇ ਉਕਤ ਏਜੰਟ ਮੇਰੇ ਨਾਲ ਜਬਰ-ਜ਼ਨਾਹ ਕਰਦਾ ਰਿਹਾ। 
ਇਸ ਦੌਰਾਨ ਉਸ ਨੇ ਮੈਨੂੰ ਡਰਾ-ਧਮਕਾ ਕੇ ਮੇਰੇ ਮਾਪਿਆਂ ਨੂੰ ਮੇਰੇ ਤੋਂ ਫੋਨ ਲਵਾਇਆ ਕਿ 8,50000 ਰੁਪਏ ਦਾ ਇੰਤਜ਼ਾਮ ਕਰੋ, ਜਿਸ 'ਤੇ ਮੇਰੇ ਪਰਿਵਾਰ ਨੇ ਪੈਸੇ ਦੇ ਦਿੱਤੇ। 
ਉਸ ਤੋਂ ਬਾਅਦ ਫਿਰ 4,44000 ਰੁਪਏ ਫਿਰ ਉਸ ਨੇ ਲੈ ਲਏ, ਇਸ ਦੌਰਾਨ ਮੇਰਾ ਦੁਬਈ 'ਚ ਰਹਿੰਦਾ ਭਰਾ ਵੀ ਉਸ ਦੇ ਸੰਪਰਕ 'ਚ ਆ ਗਿਆ, ਜਿਸ ਨੂੰ ਉਸ ਨੇ ਕੈਨੇਡਾ ਦਾ ਲਾਲਚ ਦਿੱਤਾ ਤੇ ਇਥੇ ਵਾਪਸ ਬੁਲਾ ਲਿਆ। ਉਸ ਤੋਂ ਵੀ 13,20000 ਰੁਪਏ ਕੈਨੇਡਾ ਜਾਣ ਲਈ ਲੈ ਲਏ। ਉਸ ਤੋਂ ਬਾਅਦ ਉਕਤ ਏਜੰਟ ਨੇ ਮੈਨੂੰ ਤੇ ਮੇਰੇ ਭਰਾ ਨੂੰ ਨਾ ਤਾਂ ਕਨੈਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਮੋੜੇ। ਉਕਤ ਏਜੰਟ ਸਿਰਫ ਲਾਰੇ ਹੀ ਲਾਉਂਦਾ ਰਿਹਾ ਤੇ ਇਕ ਦਿਨ ਮੈਨੂੰ ਡਰਾ-ਧਮਕਾ ਕਿ ਇਥੇ ਪਿੰਡ ਛੱਡ ਗਿਆ, ਜਿਸ ਤੋਂ ਬਾਅਦ ਮੈਂ ਤੇ ਮੇਰਾ ਪਰਿਵਾਰ ਉਸ ਦਾ ਫੋਨ ਲਾਉਂਦੇ ਰਹੇ ਪਰ ਫੋਨ ਨਹੀਂ ਲੱਗਾ। ਪੀੜਤਾ ਲੜਕੀ ਨੇ ਕਿਹਾ ਕਿ ਦੋਸ਼ੀ ਵਿਅਕਤੀ ਨੇ ਉਨ੍ਹਾਂ ਨਾਲ 31,14000 ਰੁਪਏ ਦੀ ਜਿਥੇ ਠੱਗੀ ਮਾਰੀ ਹੈ, ਉਥੇ ਉਸ ਦੀ ਇੱਜ਼ਤ ਨਾਲ ਵੀ ਖਿਲਵਾੜ ਕੀਤਾ ਹੈ।
ਇਸ ਸਬੰਧੀ ਥਾਣਾ ਬੱਧਨੀ ਕਲਾਂ ਵਿਖੇ ਵਰਿੰਦਰ ਸਿੰਘ ਉਰਫ ਵੈਲੀ ਪੁੱਤਰ ਪੂਰਨ ਸਿੰਘ ਵਾਸੀ ਹਵੈਲੀ ਬਸੀ ਬਨੂੜ ਜ਼ਿਲਾ ਮੋਹਾਲੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਪੜਤਾਲ ਥਾਣਾ ਬੱਧਨੀ ਕਲਾਂ ਦੀ ਐੱਸ. ਐੱਚ. ਓ ਇੰਸਪੈਕਟਰ ਮੈਡਮ ਭੁਪਿੰਦਰ ਕੌਰ ਵੱਲੋਂ ਖੁਦ ਕੀਤੀ ਜਾ ਰਹੀ ਹੈ।