ਫੂਡ ਸੇਫ਼ਟੀ ਟੀਮ ਨੇ ਦੁੱਧ, ਘਿਉ ਅਤੇ ਅਜਵਾਇਣ ਦੇ ਭਰੇ ਸੈਂਪਲ

08/29/2018 2:45:48 AM

 ਨਵਾਂਸ਼ਹਿਰ,   (ਤ੍ਰਿਪਾਠੀ,ਮਨੋਰੰਜਨ)- ਫੂਡ ਸੇਫ਼ਟੀ ਟੀਮ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਿਲਾਵਟਖੋਰਾਂ ਖਿਲਾਫ਼ ਚਲਾਈ ਸਖਤ ਮੁਹਿੰਮ ਤਹਿਤ ਅੱਜ ਸਵੇਰੇ 6 ਵਜੇ ਬਲਾਚੌਰ ਵਿਖੇ ਨਾਕਾ ਲਾ ਕੇ ਜੋਸ਼ੀ ਡੇਅਰੀ ਗਡ਼੍ਹਸ਼ੰਕਰ ਦੇ ਦੁੱਧ ਢੋਣ ਵਾਲੇ ਵਾਹਨ ਅਤੇ ਚੌਧਰੀ ਡੇਅਰੀ ਬੀਰੋਵਾਲ ਦੇ ਦੁੱਧ ਢੋਣ ਵਾਲੇ ਵਾਹਨ ’ਚੋਂ ਇਕ-ਇਕ ਸੈਂਪਲ ਭਰਿਆ ਗਿਆ। 
ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਅਨੁਸਾਰ ਇਸ ਤੋਂ ਇਲਾਵਾ ਟੀਮ ਵੱਲੋਂ ਦੇਸੀ ਘਿਉ ਦਾ ਨਮੂਨਾ ਵੀ ਲਿਆ ਗਿਆ ਅਤੇ ਇਕ ਥਾਂ ਤੋਂ ਅਜਵਾਇਣ ਦਾ ਨਮੂਨਾ ਵੀ ਲਿਆ ਗਿਆ। ਅਜਵਾਇਣ ਦੇ ਮਿਆਰ ਪੁੱਗੇ ਪਾਏ ਜਾਣ ’ਤੇ 40 ਪੈਕੇਟ ਨਸ਼ਟ ਕਰਵਾਏ ਗਏ। ਇਸੇ ਤਰ੍ਹਾਂ ਇਕ ਮਠਿਆਈ ਦੀ ਦੁਕਾਨ ਤੋਂ 10 ਕਿਲੋਗ੍ਰਾਮ ਖਰਾਬ ਮਠਿਆਈ ਵੀ ਸੁਟਵਾਈ ਗਈ। ਇਸ ਮੌਕੇ ਹਲਵਾਈਆਂ ਨੂੰ ਆਪਣੀਆਂ ਦੁਕਾਨਾਂ ’ਚ ਸਫ਼ਾਈ ਰੱਖਣ ਲਈ ਵੀ ਹਦਾਇਤ ਕੀਤੀ ਗਈ।
ਰਿਕਾਰਡ ਨਾ ਦਿਖਾਉਣ ’ਤੇ 2 ਕੈਮਿਸਟਾਂ ਵਿਰੁੱਧ ਕੀਤੀ ਕਾਰਵਾਈ
 ਰੂਪਨਗਰ,  (ਕੈਲਾਸ਼)  -ਜ਼ਿਲਾ ਡਰੱਗ ਕੰਟਰੋਲ ਅਧਿਕਾਰੀ ਬਲਰਾਮ ਲੂਥਰਾ ਨੇ ਅੱਜ ਤੰਦਰੁਸਤ ਪੰਜਾਬ ਮਿਸ਼ਨ ਦੇ ਅਧੀਨ ਕੀਤੀ ਗਈ ਮੈਡੀਕਲ ਸਟੋਰਾਂ ਦੀ ਚੈਕਿੰਗ ਦੌਰਾਨ ਦਵਾਈਆਂ ਦੀ ਖਰੀਦ ਅਤੇ ਵਿਕਰੀ ਦਾ ਰਿਕਾਰਡ ਨਾ ਰੱਖਣ ਸਬੰਧੀ ਦੋ ਕੈਮਿਸਟਾਂ ਦੇ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਸੀ.ਓ. ਲੂਥਰਾ ਨੇ ਦੱਸਿਆ ਕਿ ਡਰੱਗ ਐਂਡ ਫੂਡ ਕਮਿਸ਼ਨਰ ਕੇ. ਐੱਸ. ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਰੂਪਨਗਰ ਅਤੇ ਪਿੰਡ ਬੇਲਾ ਸਥਿਤ ਤਿੰਨ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਿਵ ਮੈਡੀਕੋਜ਼ ਰੂਪਨਗਰ ਅਤੇ ਬਾਂਸਲ ਮੈਡੀਕਲ ਸਟੋਰ ਬੇਲਾ ਦੀ ਚੈਕਿੰਗ ਦੌਰਾਨ ਡਰੱਗ ਐਕਟ ਦੇ ਨਿਯਮਾਂ ਅਨੁਸਾਰ ਰਿਕਾਰਡ  ਪੇਸ਼ ਨਹੀਂ ਕੀਤਾ ਗਿਆ। ਇਸ ਦੇ ਇਲਾਵਾ ਅਮਨ ਮੈਡੀਕਲ ਸਟੋਰ ਬੇਲਾ ਦੀ ਵੀ ਚੈਕਿੰਗ ਕੀਤੀ ਗਈ ਜਿਸ ਦਾ ਰਿਕਾਰਡ ਸਹੀ ਪਾਇਆ ਗਿਆ। ਲੂਥਰਾ ਨੇ ਕਿਹਾ ਕਿ ਡਰੱਗ ਐਕਟ ਅਨੁਸਾਰ ਦਵਾਈਆਂ ਦੀ ਖਰੀਦ ਅਤੇ ਵਿਕਰੀ ਦਾ ਰਿਕਾਰਡ ਰੱਖਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ਵਾਲੇ ਕੈਮਿਸਟਾਂ ਦੇ ਵਿਰੁੱਧ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।