ਖੇਤਾਂ ''ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੇ ਲਿਆ ਫਾਹਾ

01/20/2018 2:41:32 AM

ਨਵਾਂਸ਼ਹਿਰ, (ਤ੍ਰਿਪਾਠੀ)- ਨਜ਼ਦੀਕੀ ਪਿੰਡ ਅਲਾਚੌਰ 'ਚ ਇਕ ਕਿਸਾਨ ਦੇ ਖੇਤਾਂ 'ਚ ਕੰਮ ਕਰਨ ਵਾਲੇ ਨੌਜਵਾਨ ਪ੍ਰਵਾਸੀ ਮਜ਼ਦੂਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ.ਐੱਚ.ਓ. ਸ਼ਹਿਬਾਜ਼ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਜਦੋਂਕਿ ਕਰੀਬ 10 ਮਹੀਨੇ ਪਹਿਲਾਂ ਕਿਸਾਨ ਕੋਲ ਕੰਮ 'ਤੇ ਆਏ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਕਿਸਾਨ ਦਲਵੀਰ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 10 ਮਹੀਨੇ ਪਹਿਲਾਂ ਮੋਢਿਆਂ 'ਤੇ ਬੈਗ ਲਟਕਾਈ ਘੁੰਮ ਰਹੇ ਛੋਟੂ (25), ਜਿਸ ਕੋਲ ਕੰਮ ਤੇ ਖਾਣ ਲਈ ਕੁਝ ਨਹੀਂ ਸੀ, ਨੂੰ ਆਪਣੇ ਖੇਤਾਂ 'ਚ ਲੈ ਆਏ ਸੀ। ਫਿਰ ਉਹ ਹੌਲੀ-ਹੌਲੀ ਘਰ ਦਾ ਮੈਂਬਰ ਹੀ ਬਣ ਗਿਆ ਤੇ ਉਨ੍ਹਾਂ ਦੇ ਘਰ 'ਚ ਹੀ ਰਹਿਣ ਲੱਗ ਪਿਆ। ਅੱਜ ਸਵੇਰੇ ਕਰੀਬ 8 ਵਜੇ ਛੋਟੂ ਘਰ ਦੇ ਨਜ਼ਦੀਕ ਹੀ ਸਥਿਤ ਖੇਤਾਂ 'ਚ ਬਣੇ ਕਮਰੇ ਤੋਂ ਤੂੜੀ ਲਿਆਉਣ ਲਈ ਗਿਆ ਸੀ ਪਰ ਜਦੋਂ ਉਹ ਕਰੀਬ 2 ਘੰਟੇ ਤੱਕ ਵਾਪਸ ਨਾ ਆਇਆ ਤਾਂ ਉਹ ਛੋਟੂ ਨੂੰ ਦੇਖਣ ਲਈ ਖੇਤਾਂ 'ਚ ਗਿਆ।

ਉਥੇ ਦੇਖਿਆ ਕਿ ਛੋਟੂ ਦੀ ਲਾਸ਼ ਕਮਰੇ 'ਚ ਗਾਰਡਰ ਨਾਲ ਲਟਕ ਰਹੀ ਸੀ। ਦਲਵੀਰ ਸਿੰਘ ਨੇ ਇਸ ਸਬੰਧੀ ਪਿੰਡ ਦੇ ਪਤਵੰਤਿਆਂ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪੁੱਜ ਕੇ ਛੋਟੂ ਦੀ ਲਾਸ਼ ਨੂੰ ਹੇਠਾਂ ਉਤਾਰਿਆ। ਮੌਕੇ 'ਤੇ ਪੁੱਜੇ ਐੱਸ.ਐੱਚ.ਓ. ਸ਼ਹਿਬਾਜ ਸਿੰਘ ਤੇ ਜਾਂਚ ਅਧਿਕਾਰੀ ਏ.ਐੱਸ.ਆਈ. ਬਲਵੇਗ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਮ੍ਰਿਤਕ ਬਾਰੇ ਨਹੀਂ ਮਿਲੀ ਕੋਈ ਜਾਣਕਾਰੀ : ਐੱਸ.ਐੱਚ.ਓ.
ਐੱਸ. ਐੱਚ. ਓ. ਨੇ ਦੱਸਿਆ ਕਿ ਮਜ਼ਦੂਰ ਦਾ ਸਾਮਾਨ ਜਾਂਚਣ 'ਤੇ ਉਸ ਦੇ ਪਰਿਵਾਰ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਜਦੋਂਕਿ ਕਿਸਾਨ ਦਲਵੀਰ ਦਾ ਕਹਿਣਾ ਹੈ ਕਿ ਛੋਟੂ ਖੁਦ ਨੂੰ ਬਿਹਾਰ ਵਾਸੀ ਦੱਸਦਾ ਸੀ ਤੇ ਕਹਿੰਦਾ ਸੀ ਕਿ ਉਸ ਦਾ ਕੋਈ ਸਕਾ-ਸਬੰਧੀ ਨਹੀਂ ਹੈ। ਉਸ ਨੇ ਦੱਸਿਆ ਕਿ ਵੀਰਵਾਰ ਨੂੰ ਹੀ ਉਹ ਪਿੰਡ 'ਚ ਲੱਗੇ ਮੇਲੇ 'ਚ ਗਿਆ ਤੇ ਕਾਫ਼ੀ ਖੁਸ਼ ਨਜ਼ਰ ਆ ਰਿਹਾ ਸੀ।