ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ 2 ਪ੍ਰਵਾਸੀ ਮਜ਼ਦੂਰ ਹਲਾਕ

04/14/2018 4:57:26 AM

ਨਡਾਲਾ, (ਜ. ਬ.)- ਲੰਘੀ ਰਾਤ ਕਰੀਬ 10 ਵਜੇ ਸਰਕਾਰੀ ਸਕੂਲ ਦਮੂਲੀਆ ਸਾਹਮਣੇ ਇਕ ਤੇਜ਼ ਰਫਤਾਰ ਅਣਪਛਾਤੀ ਕਾਰ ਦੀ ਸਿੱਧੀ ਟੱਕਰ ਨਾਲ 2 ਮੋਟਰਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ਹਲਾਕ ਹੋ ਗਏ।
ਇਸ ਸਬੰਧੀ ਮ੍ਰਿਤਕ ਦੇ ਭਰਾ ਮੁਹੰਮਦ ਸੋਹਰਾ ਪੁੱਤਰ ਮੁਹੰਮਦ ਆਲਮ ਵਾਸੀ ਭਟਗਾਮਾਂ ਬਿਹਾਰ ਨੇ ਨਡਾਲਾ ਪੁਲਸ ਕੋਲ ਲਿਖਾਏ ਬਿਆਨ 'ਚ ਦੱਸਿਆ ਕਿ ਉਹ ਘਰਾਂ 'ਚ ਟਾਇਲਾਂ ਲਾਉਣ  ਦਾ ਕੰਮ ਕਰਦੇ ਹਨ, ਘਟਨਾ ਸਮੇਂ ਉਹ ਕੰਮ ਕਰ ਕੇ ਨਡਾਲਾ ਤੋਂ ਭੁਲੱਥ ਜਾ ਰਹੇ ਸਨ ਤਾਂ ਉਕਤ ਸਥਾਨ ਪਹੁੰਚਣ 'ਤੇ ਭੁਲੱਥ ਵੱਲੋਂ ਆ ਰਹੀ ਤੇਜ਼ ਰਫਤਾਰ ਅਣਪਛਾਤੀ ਕਾਰ ਨੇ ਉਸ ਦੇ ਅੱਗੇ 2, ਮੋਟਰਸਾਈਕਲ 'ਤੇ ਜਾ ਰਹੇ ਉਸ ਦੇ ਭਰਾ ਮੁਹੰਮਦ ਇਸਰਾਫਤ ਨੂੰ ਕੁਚਲ ਦਿੱਤਾ। 
ਇਸ ਦੌਰਾਨ ਉਸ ਦੇ ਪਿਛੇ ਬੈਠੇ ਸਾਥੀ, ਮੁਹੰਮਦ ਰਸੀਦ ਪੁੱਤਰ ਮੁਹੰਮਦ ਹਸੀਬ ਵਾਸੀ ਭਟਗਾਮ ਬਿਹਾਰ ਦੇ ਗੰਭੀਰ ਸੱਟਾਂ ਕਾਰਨ ਮੌਕੇ 'ਤੇ ਮੌਤ ਹੋ ਗਈ, ਜਦਕਿ ਉਸ ਦੇ ਭਰਾ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ। ਸੂਚਨਾ ਮਿਲਦੇ ਹੀ ਨਡਾਲਾ ਚੌਕੀ ਤੋਂ ਹੌਲਦਾਰ ਜਸਵਿੰਦਰ ਸਿੰਘ ਸਾਥੀਆਂ ਸਮੇਤ  ਮੌਕੇ 'ਤੇ ਪੁੱਜੇ ਤੇ ਪਰਚਾ ਦਰਜ ਕਰ ਕੇ ਦੋਸ਼ੀ ਚਾਲਕ ਦੀ ਭਾਲ ਆਰੰਭ ਕਰ ਦਿੱਤੀ।