ਮਿਡ-ਡੇ ਮੀਲ ਦੇ ਚੌਲ ਵੇਚਣ ਆਇਆ ਪ੍ਰਿੰਸੀਪਲ ਚੜ੍ਹਿਆ ਲੋਕਾਂ ਦੇ ਅੜਿੱਕੇ

06/10/2017 7:27:52 AM

ਪੱਟੀ, (ਸੌਰਭ)- ਸਰਕਾਰੀ ਕੰਨਿਆ ਸੈਕੰਡਰੀ ਸਕੂਲ ਪੱਟੀ ਦੇ ਪ੍ਰਿੰਸੀਪਲ ਨੂੰ ਅੱਜ ਲੋਕਾਂ ਨੇ ਚੌਲਾਂ ਦੇ ਬੋਰੇ ਵੇਚਦੇ ਹੋਏ ਘੇਰ ਲਿਆ। ਜਾਣਕਾਰੀ ਅਨੁਸਾਰ ਲਗਭਗ 11 ਵਜੇ ਸਵੇਰੇ ਪ੍ਰਿੰਸੀਪਲ 6 ਬੋਰੀਆਂ ਚੌਲ ਇਕ ਰਿਕਸ਼ੇ 'ਤੇ ਲੱਦ ਕੇ ਸਕੂਲ ਦੇ ਨਜ਼ਦੀਕ ਐੱਨ. ਕੇ. ਜੈਨ. ਟਰੇਡਰਜ਼ 'ਤੇ ਲੈ ਕੇ ਆਇਆ ਤਾਂ ਉਥੇ ਹਾਜ਼ਰ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਕਿ ਇਹ ਚੌਲ ਸਰਕਾਰ ਵੱਲੋਂ ਗਰੀਬ ਲੜਕੀਆਂ ਲਈ ਮਿਡ-ਡੇ ਮੀਲ ਵਿਚ ਬਣਾਉਣ ਲਈ ਭੇਜੇ ਗਏ ਹਨ ਤੇ ਉਹ ਉਸ ਨੂੰ ਗਲਤ ਤਰੀਕੇ ਨਾਲ ਵੇਚ ਰਿਹਾ ਹੈ।
 ਇਸ ਮੌਕੇ ਹਾਜ਼ਰ ਵਰਿੰਦਰ ਸਿੰਘ ਭਾਟੀਆ, ਹਰਪਾਲ ਸਿੰਘ, ਬਬਲੂ ਮਰਵਾਹਾ, ਵਰਿਆਮ ਸਿੰਘ ਬੇਦੀ, ਦਵਿੰਦਰ ਕੁਮਾਰ, ਵਿਕਰਮਜੀਤ ਸਿੰਘ, ਕੁਲਦੀਪ ਸਿੰਘ ਤੇ ਦੀਪਕ ਕੁਮਾਰ ਆਦਿ ਨੇ ਦੱਸਿਆ ਕਿ ਇਹ ਸਕੂਲ ਜਿੱਥੇ ਲੜਕੀਆਂ ਨੂੰ ਸਿੱਖਿਆ ਦੇਣ ਅਤੇ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਦੇਣ ਲਈ ਸ਼ੁਰੂ ਕੀਤਾ ਗਿਆ ਹੈ ਪਰ ਇੱਥੇ ਬੈਠੇ ਕੁੱਝ ਭ੍ਰਿਸ਼ਟ ਲੋਕ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਲੋੜਵੰਦਾਂ ਤੱਕ ਨਹੀਂ ਪਹੁੰਚਣ ਦੇ ਰਹੇ। ਹਾਜ਼ਰ ਲੋਕਾਂ ਵੱਲੋਂ ਪੁਲਸ ਥਾਣਾ ਸਿਟੀ ਨੂੰ ਸੂਚਿਤ ਕੀਤਾ ਗਿਆ। ਪੁਲਸ ਮੁਲਾਜ਼ਮਾਂ ਨੇ ਰਿਕਸ਼ੇ ਉੱਪਰ ਲੱਦੀਆਂ ਚੌਲਾਂ ਦੀਆਂ ਬੋਰੀਆਂ ਕਬਜ਼ੇ ਵਿਚ ਲੈ ਲਈਆਂ। 
ਇਸ ਸਬੰਧੀ ਜਦੋਂ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਸਕੂਲ ਵਿਚ ਚੌਲਾਂ ਦੀ ਸਪਲਾਈ ਨਾ ਆਉਣ ਕਾਰਨ ਕੁੱਝ ਚੌਲ ਇਸ ਦੁਕਾਨਦਾਰ ਕੋਲੋਂ ਉਧਾਰ ਲਏ ਸਨ, ਜੋ ਮੈਂ ਅੱਜ ਵਾਪਸ ਕਰਨ ਲਈ ਆਇਆ ਹਾਂ। ਇਸ ਸਬੰਧੀ ਦੁਕਾਨ 'ਤੇ ਹਾਜ਼ਰ ਲਾਲੀ ਜੈਨ ਨੇ ਕਿਹਾ ਕਿ 3 ਮਾਰਚ 2017 ਨੂੰ 175 ਕਿਲੋ ਚੌਲ ਇਸ ਸਕੂਲ ਨੂੰ ਭੇਜੇ ਸਨ, ਜੋ ਇਹ ਵਾਪਸ ਕਰਨ ਆਏ ਹਨ। ਇਸ ਸਮੇਂ ਹਾਜ਼ਰ ਲੋਕਾਂ ਨੇ ਸਕੂਲ ਦਾ ਮਿਡ-ਡੇ ਮੀਲ ਦਾ ਸਟਾਕ ਰਜਿਸਟਰ ਚੈੱਕ ਕੀਤਾ ਤਾਂ ਉਸ ਵਿਚ ਮਈ ਮਹੀਨੇ ਦਾ ਬਕਾਇਆ ਸਟਾਕ 5 ਕੁਇੰਟਲ 23 ਕਿਲੋ 900 ਗ੍ਰਾਮ ਚੌਲ ਬਚਦਾ ਹੈ ਪਰ ਜਦੋਂ ਪ੍ਰਿੰਸੀਪਲ ਨੇ ਸਟੋਰ ਚੈੱਕ ਕਰਵਾਇਆ ਤਾਂ ਉਸ ਵਿਚ 22 ਬੋਰੀਆਂ (40 ਕਿਲੋ ਪ੍ਰਤੀ ਬੋਰੀ) ਚੌਲ ਮੌਜੂਦ ਸਨ, ਜਦੋਂ ਕਿ ਦੁਕਾਨਦਾਰ ਨੂੰ ਭੇਜੀਆਂ 6 ਬੋਰੀਆਂ ਇਨ੍ਹਾਂ ਤੋਂ ਵੱਖਰੀਆਂ ਸਨ। ਉਨ੍ਹਾਂ ਕਿਹਾ ਕਿ ਸਕੂਲ ਵਿਚ 1 ਜੂਨ ਤੋਂ ਛੁੱਟੀਆਂ ਹੋ ਚੁੱਕੀਆਂ ਹਨ ਪਰ ਅੱਜ 9 ਤਰੀਕ ਨੂੰ ਇਹ ਚੌਲ ਇਸ ਦੁਕਾਨਦਾਰ ਕੋਲ ਭੇਜੇ ਜਾ ਰਹੇ ਹਨ। ਇਸ ਸਬੰਧੀ ਸਟਾਕ ਅਤੇ ਸਟੋਰ ਵਿਚ ਤਾਲਮੇਲ ਨਾ ਹੋਣ ਸਬੰਧੀ ਪ੍ਰਿੰਸੀਪਲ ਸਾਹਿਬ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਇਸ ਮੌਕੇ ਹਾਜ਼ਰ ਲੋਕਾਂ ਨੇ ਪ੍ਰਿੰਸੀਪਲ ਵਿਰੁੱਧ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਸਰਕਾਰ ਵੱਲੋਂ ਗਰੀਬ ਬੱਚਿਆਂ ਲਈ ਆਉਂਦੀ ਸਹੂਲਤ ਉਨ੍ਹਾਂ ਤੱਕ ਪਹੁੰਚ ਸਕੇ। ਇਸ ਸਬੰਧੀ ਜਦੋਂ ਪੁਲਸ ਥਾਣਾ ਸਿਟੀ ਪੱਟੀ ਦੇ ਐੱਸ. ਐੱਚ. ਓ. ਮੋਹਿਤ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।