ਸਾਂਝੇ ਅਧਿਆਪਕ ਮੋਰਚੇ ਵੱਲੋਂ ਮਿਡ-ਡੇ ਮੀਲ ਬੰਦ ਕਰਨ ਦਾ ਅਲਟੀਮੇਟਮ

12/05/2017 6:45:26 AM

ਸ੍ਰੀ ਮੁਕਤਸਰ ਸਾਹਿਬ, (ਪਵਨ)- ਪਿਛਲੇ ਕਈ ਮਹੀਨਿਆਂ ਤੋਂ ਆਪਣੇ ਪੱਲਿਓਂ ਪੈਸੇ ਖਰਚ ਕੇ ਸਕੂਲਾਂ ਵਿਚ ਮਿਡ-ਡੇ ਮੀਲ ਚਲਾ ਰਹੇ ਅਧਿਆਪਕਾਂ ਪੱਲੇ ਨਿਰਾਸ਼ਾ ਤੋਂ ਸਿਵਾਏ ਕੁਝ ਵੀ ਨਹੀਂ ਪਿਆ। 50 ਹਜ਼ਾਰ ਰੁਪਏ ਤੱਕ ਖਰਚ ਕਰ ਚੁੱਕੇ ਸਕੂਲਾਂ ਨੂੰ ਸਿਰਫ 5 ਹਜ਼ਾਰ ਰੁਪਏ ਦੇਣਾ, 'ਊਠ ਦੇ ਮੂੰਹ 'ਚ ਜੀਰਾ' ਦੇਣ ਬਰਾਬਰ ਹੈ । 
ਸਾਂਝੇ ਅਧਿਆਪਕ ਮੋਰਚੇ ਦੇ ਕਨਵੀਨਰਾਂ ਡੀ. ਟੀ. ਐੱਫ. ਦੇ ਲਖਵੀਰ ਸਿੰਘ ਹਰੀਕੇ, ਜੀ. ਟੀ. ਯੂ. ਦੇ ਕੁਲਵਿੰਦਰ ਸਿੰਘ ਮਲੋਟ, ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਸੁਖਦਰਸ਼ਨ ਜੱਗਾ, ਜੀ. ਟੀ. ਯੂ. (ਵਿਗਿਆਨਕ) ਦੇ ਪ੍ਰਗਟ ਸਿੰਘ ਝੰਬਰ, ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਸੁਖਦੇਵ ਸਿੰਘ ਆਦਿ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਚਾਰ ਮਹੀਨਿਆਂ ਤੋਂ ਅਧਿਆਪਕਾਂ ਨੇ ਆਪਣੇ ਕੋਲੋਂ ਖਰਚ ਕਰ ਕੇ ਮਿਡ-ਡੇ ਮੀਲ ਦਾ ਚੁੱਲ੍ਹਾ ਬਾਲੀ ਰੱਖਿਆ ਹੈ । ਕਈ ਵਾਰ ਸਰਕਾਰ ਤੋਂ ਪਿਛਲੇ ਬਕਾਏ ਸਮੇਤ ਅਗਾਊਂ ਰਾਸ਼ੀ ਦੀ ਮੰਗ ਕਰਨ ਦੇ ਬਾਵਜੂਦ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਸਿਰਫ 20 ਦਿਨਾਂ ਦੀ ਖਰਚਾ ਰਾਸ਼ੀ ਦੇ ਕੇ ਕੰਮ ਚਲਦਾ ਰੱਖਣ ਦੀਆਂ ਹਦਾਇਤਾਂ ਵਾਰ-ਵਾਰ ਕੀਤੀਆਂ ਗਈਆਂ ਹਨ ਤੇ ਅਧਿਕਾਰੀਆਂ ਦੇ ਨੱਖਰੇ ਵੱਖਰੇ ਤੌਰ 'ਤੇ ਸਹਿਣ ਕਰਨੇ ਪੈ ਰਹੇ ਹਨ । 
ਜਦੋਂ ਵੀ ਸਿੱਖਿਆ ਅਧਿਕਾਰੀਆਂ ਤੋਂ ਖਰਚੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਕੋ ਹੀ ਜਵਾਬ ਮਿਲਦਾ ਹੈ ਕਿ ਸਰਕਾਰ ਵੱਲੋਂ ਜਾਰੀ ਹੋਣ 'ਤੇ ਪੈਸੇ ਜਾਰੀ ਕਰ ਦਿੱਤੇ ਜਾਣਗੇ । ਸਿਰਫ ਮੁੱਢਲੀ ਤਨਖਾਹ 'ਤੇ ਨੌਕਰੀ ਕਰ ਰਹੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲ ਵਿਚ ਮਿਡ-ਡੇ ਮੀਲ ਚਲਾਈਏ ਜਾਂ ਆਪਣਾ ਘਰ । ਬਿਨਾਂ ਪੈਸਿਆਂ ਤੋਂ ਮਿਡ-ਡੇ ਮੀਲ ਨਹੀਂ ਚਲਾਇਆ ਜਾ ਸਕਦਾ । ਉਨ੍ਹਾਂ ਦੱਸਿਆ ਕਿ ਹੁਣ ਆਪਣੇ ਕੋਲੋਂ ਹੋਰ ਖਰਚ ਨਹੀਂ ਕੀਤਾ ਜਾ ਸਕਦਾ ਅਤੇ ਇਸ ਸਬੰਧੀ ਸਾਂਝੇ ਅਧਿਆਪਕ ਮੋਰਚੇ ਵੱਲੋਂ ਅੱਜ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਨੂੰ ਰੋਸ-ਪੱਤਰ ਅਤੇ ਮਿਡ-ਡੇ ਮੀਲ ਬੰਦ ਕਰਨ ਦਾ ਅਲਟੀਮੇਟਮ ਦਿੱਤਾ ਜਾਵੇਗਾ ਅਤੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।