ਅਧਿਆਪਕ ਜਥੇਬੰਦੀਆਂ ਨੇ ਕੀਤਾ ਮੁਕੰਮਲ ਬਾਈਕਾਟ ਦਾ ਐਲਾਨ

01/18/2018 2:53:57 PM

ਕਪੂਰਥਲਾ (ਮੱਲ੍ਹੀ)— ਸਿੱਖਿਆ ਵਿਭਾਗ ਵੱਲੋਂ ਮਿਡ-ਡੇ-ਮੀਲ ਲਈ ਅਧਿਆਪਕਾਂ ਕੋਲੋਂ ਮੋਬਾਈਲ ਉਪਰ ਐਪ ਡਾਊਨਲੋਡ ਕਰਕੇ ਸੰਦੇਸ਼ ਭੇਜਣ ਲਈ ਵਾਰ-ਵਾਰ ਜਾਰੀ ਕੀਤੇ ਜਾ ਰਹੇ ਤਾਨਾਸ਼ਾਹੀ ਫਰਮਾਨ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। 
ਈ. ਟੀ. ਯੂ. ਕਪੂਰਥਲਾ ਦੇ ਜ਼ਿਲਾ ਪ੍ਰਧਾਨ ਗੁਰਮੇਜ ਸਿੰਘ, ਰਵੀ ਵਾਹੀ ਅਤੇ ਅਪਿੰਦਰ ਸਿੰਘ ਤੋਂ ਇਲਾਵਾ ਈ. ਟੀ. ਟੀ. ਕਪੂਰਥਲਾ ਦੇ ਜ਼ਿਲਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਅਤੇ ਅਧਿਆਪਕ ਦਲ ਦੇ ਜ਼ਿਲਾ ਪ੍ਰਧਾਨ ਸੁਖਦਿਆਲ ਸਿੰਘ ਝੰਡ ਨੇ ਕਿਹਾ ਕਿ ਪਹਿਲਾਂ ਹੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਮਿਡ-ਡੇ ਮੀਲ ਲਈ ਰਜਿਸਟਰ, ਹਾਜ਼ਰੀ ਰਜਿਸਟਰ, ਬਿੱਲ ਪੇਸਟ ਫਾਈਲ, ਕੈਸ਼ ਬੁੱਕ ਆਦਿ ਰਿਕਾਰਡ ਹਰ ਰੋਜ਼ ਮੁਕੰਮਲ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ, ਜਿਸ ਕਾਰਨ ਹੁਣ ਐੱਸ. ਐੱਮ. ਐੱਸ. ਭੇਜਣ ਦਾ ਹੁਕਮ ਜਾਰੀ ਕੀਤਾ ਗਿਆ ਹੈ, ਜੋ ਟੀਚਰਾਂ ਦੀ ਈਮਾਨਦਾਰੀ 'ਤੇ ਸ਼ੱਕ ਕਰਨ ਦੇ ਬਰਾਬਰ ਕਿਹਾ ਜਾ ਸਕਦਾ ਹੈ। 
ਜਥੇਬੰਧਕ ਆਗੂਆਂ ਕਿਹਾ ਕਿ ਜੇ ਵਿਭਾਗ ਮਿਡ-ਡੇ-ਮੀਲ ਲਈ ਐੱਸ. ਐੱਮ. ਐੱਸ. ਰਾਹੀਂ ਹੀ ਤਸੱਲੀ ਹੈ ਤਾਂ ਫਿਰ ਮਿਡ-ਡੇ-ਮੀਲ ਦਾ ਲਿਖਤੀ ਰਜਿਸਟਰ ਵਰਕ ਖਤਮ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਵੱਲੋਂ ਤਜਰਬੇ ਦੇ ਤੌਰ 'ਤੇ ਨਵੇਂ-ਨਵੇਂ ਜਾਰੀ ਕੀਤੇ ਜਾ ਰਹੇ ਫਰਮਾਨਾਂ ਕਾਰਨ ਸਕੂਲਾਂ 'ਚ ਪੜ੍ਹਾਈ ਦਾ ਕਾਰਜ ਪ੍ਰਭਾਵਿਤ ਹੋ ਰਿਹਾ ਹੈ, ਇਸ ਲਈ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਟੀਚਰਾਂ ਕੋਲੋਂ ਗੈਰ ਵਿਦਿਅਕ ਕੰਮ ਲੈਣ ਦੀ ਥਾਂ ਉਨ੍ਹਾਂ ਨੂੰ ਵੱਧ ਤੋਂ ਵੱਧ ਕਲਾਸਾਂ 'ਚ ਬਹਿਕੇ ਬੱਚਿਆਂ ਨੂੰ ਪੜ੍ਹਾਉਣ ਦਾ ਮੌਕਾ ਦੇਵੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਜੇ ਮਿਡ-ਡੇ ਮੀਲ ਸੰਦੇਸ਼ (ਐੱਸ. ਐੱਮ. ਐੱਸ.) ਨਾ ਭੇਜਣ ਵਾਲੇ ਸਕੂਲਾਂ ਦੇ ਟੀਚਰਾਂ ਨੂੰ ਜੇ ਤਲਬ ਕਰਨ ਲਈ ਹੁਕਮ ਜਾਰੀ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ।