ਮਿਡ-ਡੇ-ਮੀਲ ਚਲਦਾ ਰੱਖਣ ਲਈ ਪੱਲਿਓ ਖਰਚੇ ਲੱਖਾਂ ਰੁਪਏ ਦੀ ਅਦਾਇਗੀ ਨਾ ਹੋਣ ''ਤੇ ਅਧਿਆਪਕਾਂ ''ਚ ਰੋਸ

11/01/2017 6:26:23 PM

ਕਪੂਰਥਲਾ(ਮੱਲ੍ਹੀ)— ਉਮਰ ਵਰਗ 6-14 ਸਾਲ ਦੇ ਸਰਕਾਰੀ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਸਰਵ ਸਿੱਖਿਆ ਅਭਿਆਨ ਤਹਿਤ ਖਾਣ ਲਈ ਮਿਲ ਰਿਹਾ ਮਿਡ-ਡੇ-ਮੀਲ ਲਈ ਫੰਡਾਂ ਦੀ ਘਾਟ ਤੇ ਖਾਣਾ ਬਣਾਉਣ ਵਾਲੀਆ ਕੁੱਕ ਵਰਕਰਾਂ ਦੀਆਂ ਤਨਖਾਹਾਂ ਦੀ ਅਦਾਇਗੀ ਨਾ ਹੋਣ ਕਰਕੇ ਮਿਡ-ਡੇ-ਮੀਲ ਸਕੀਮ ਸਹਿਜੇ-ਸਹਿਜੇ ਦਮ ਤੋੜਨ ਲੱਗੀ ਹੈ। ਈ. ਟੀ. ਯੂ. ਦੇ ਜ਼ਿਲਾ ਪ੍ਰਧਾਨ ਗੁਰਮੇਜ ਸਿੰਘ, ਸਕੱਤਰ ਅਪਿੰਦਰ ਸਿੰਘ ਥਿੰਦ, ਈ. ਟੀ. ਯੂ. ਦੇ ਜ਼ਿਲਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ, ਅਧਿਆਪਕ ਦਲ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ ਅਤੇ ਬੀ. ਐੱਡ. ਫਰੰਟ ਦੇ ਜ਼ਿਲਾ ਆਗੂ ਸਰਤਾਜ ਸਿੰਘ ਨੇ ਕਿਹਾ ਕਿ ਪਿਛਲੇ 2-3 ਮਹੀਨਿਆਂ ਤੋਂ ਮਿਡ-ਡੇ-ਮੀਲ ਦੀ ਕੁਕਿੰਗ ਕਾਸਟ ਅਤੇ ਕੁੱਕ ਵਰਕਰਾਂ ਦੀਆਂ ਤਨਖਾਹਾਂ ਨਾ ਆਉਣ ਕਾਰਨ ਉਕਤ ਸਕੂਲਾਂ 'ਚ ਮਿਡ-ਡੇ-ਮੀਲ ਸਕੀਮ ਹੌਲੀ-ਹੌਲੀ ਬੰਦ ਹੋ ਰਹੀ ਹੈ ਕਿਉਂਕਿ ਸਕੂਲ ਮੁਖੀ ਵੀ ਪੱਲਿਓ ਹਜ਼ਾਰਾ ਰੁਪਏ ਖਰਚ ਚੁੱਕੇ ਹਨ ਅਤੇ ਹੁਣ ਦੁਕਾਨਾਂ ਦੇ ਮਾਲਿਕ ਹੋਰ ਉਸਾਰ ਹਾਸ਼ਨ ਨਹੀ ਦੇ ਰਹੇ। 
ਉਕਤ ਅਧਿਆਪਕ ਜਥੇਬੰਦੀਆਂ ਦੇ ਆਗੂ ਅਧਿਆਪਕਾਂ ਨੇ ਕਿਹਾ ਕਿ ਇਕੱਲੇ ਕਪੂਰਥਲਾ ਜ਼ਿਲੇ ਦੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ 'ਚ ਸਕੂਲ ਮੁਖੀਆਂ ਵੱਲੋਂ ਪੱਲਿਓ (50 ਲੱਖ ਤੋਂ ਵੱਧ) ਖਰਚੀ ਰਾਸ਼ੀ ਜੋ ਵਿਭਾਗ ਵੱਲੋਂ ਜਾਰੀ ਨਹੀ ਹੋ ਰਹੀ ਨੂੰ ਲੈ ਕੇ ਅਧਿਆਪਕ ਵਰਗ 'ਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸਕੂਲ ਮੁਖੀਆਂ ਵੱਲੋਂ ਪੱਲਿਓ ਖਰਚੀ ਮਿਡ-ਡੇ-ਮੀਲ ਬਕਾਇਆ ਰਾਸ਼ੀ ਦੀ ਮੰਗ ਨੂੰ ਲੈ ਕੇ ਵਫਦ ਸਿੱਖਿਅਆ ਅਧਿਕਾਰੀਆਂ ਨੂੰ ਮਿਲਦਾ ਹੈ ਤਾਂ ਹਰ ਵਾਰ ਸੰਬੰਧਤ ਅਧਿਕਾਰੀ ਜਲਦ ਫੰਡ ਜਾਰੀ ਹੋਣ ਦਾ ਭਰੋਸਾ ਤਾਂ ਦੇ ਦਿੰਦੇ ਹਨ ਪਰ ਪਿਛਲੇ 2-3 ਮਹੀਨਿਆਂ ਤੋਂ ਮਿਡ-ਡੇ-ਮੀਲ ਦੀ ਲੋੜੀਂਦੀ ਪੇਸ਼ਗੀ ਰਾਸ਼ੀ ਤਾਂ ਕੀ ਜਾਰੀ ਹੋਣੀ ਹੈ ਸਗੋਂ ਟੀਚਰਾਂ ਦੇ ਆਪਣੀਆਂ ਜੇਬਾਂ 'ਚੋ ਖਰਚੇ ਲੱਖਾਂ ਰੁਪਏ ਵੀ ਫਸ ਚੁੱਕੇ ਹਨ ਅਤੇ ਇਹੀ ਹਾਲ ਉਕਤ ਸਕੂਲਾਂ 'ਚ ਮਿਡ-ਡੇ-ਮੀਲ ਬਣਾਉਣ ਵਾਲੀਆਂ ਕੁੱਕ ਵਰਕਰਾਂ ਦਾ ਹੈ ਜਿਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਮਿਲਣ ਦਾ ਮਾਮਲਾ ਲਟਕਿਆ ਪਿਆ ਹੈ ਜੋ ਕਿਸੇ ਵੇਲੇ ਵੀ ਸਰਕਾਰ ਖਿਲਾਫ ਆਪਣੇ ਗੁੱਸੇ ਤੇ ਰੋਸ ਦਾ ਪ੍ਰਗਟਾਵਾ ਕਨਰ ਲਈ ਸੜਕਾਂ 'ਤੇ ਉੱਤਰ ਸਕਦੀਆਂ ਹਨ। 
ਕੀ ਕਹਿੰਦੇ ਹਨ ਡਿਪਟੀ ਡੀ. ਈ. ਓ. (ਐਲੀ.ਸਿੱਖਿਆ) ਕਪੂਰਥਲਾ-ਮਿਡ-ਡੇ-ਮੀਲ ਨਿਰੰਤਰ ਜਾਰੀ ਰੱਖਣ ਲਈ ਫੰਡਾਂ ਦੀ ਘਾਟ ਦੀ ਦੁਹਾਈ ਦੇ ਰਹੇ ਅਧਿਆਪਕਾਂ ਦੇ ਆਧਾਰ 'ਤੇ ਜਦੋਂ ਡਿਪਟੀ ਡੀ.ਈ.ਓ. (ਐਲੀ.ਸਿੱਖਿਆ) ਕਪੂਰਥਲਾ ਜਰਨੈਲ ਸਿੰਘ ਹੋਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਿਡ-ਡੇ-ਮੀਲ ਦੀ ਬਕਾਇਆ ਅਤੇ ਪੇਸ਼ਗੀ ਰਾਸ਼ੀ ਲਈ 1.5 ਕਰੋੜ ਰੁਪਏ ਦੀ ਡਿਮਾਂਡ ਉੱਚ ਅਧਿਕਾਰੀਆਂ ਨੂੰ ਚੰਡੀਗੜ੍ਹ ਭੇਜੀ ਗਈ ਹੈ ਅਤੇ ਆਸ ਹੈ ਕਿ ਰਾਸ਼ੀ ਜਲਦ ਆ ਜਾਵੇਗੀ। ਉਨ੍ਹਾਂ ਟੀਚਰਾਂ ਨੂੰ ਅਪੀਲ ਕੀਤੀ ਕਿ ਉਹ ਮਿਡ-ਡੇ-ਮੀਲ ਨੂੰ ਨਿਰੰਤਰ ਜਾਰੀ ਰੱਖਣ।