ਛੇੜਛਾੜ ਕਰਨ ਵਾਲੇ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਨੂੰ ਅਹੁਦੇ ਤੋਂ ਹਟਾਇਆ

11/21/2017 11:07:38 AM

ਚੰਡੀਗੜ੍ਹ (ਬਿਊਰੋ)-ਸਰਕਾਰੀ ਮੈਰੀਟੋਰੀਅਸ ਸਕੂਲ ਘਾਬਦਾ ਜ਼ਿਲਾ ਸੰਗਰੂਰ ਦੇ ਪ੍ਰਿੰਸੀਪਲ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮੁੱਖ ਮੰਤਰੀ ਦਫਤਰ ਵਿਖੇ ਪੇਸ਼ ਕੀਤੀ ਰਿਪੋਰਟ ਵਿਚ ਸਰੀਰਕ ਛੇੜਛਾੜ ਦੇ ਦੋਸ਼ਾਂ ਦੇ ਸੰਕੇਤ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਵਿੰਗ ਕਮਾਂਡਰ ਸੀ. ਦੀਪਕ ਡੋਗਰਾ (ਸੇਵਾ ਮੁਕਤ) ਵਿਰੁੱਧ ਦੋਸ਼ਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਰਿਪੋਰਟ ਵਿਚ ਡਿਪਟੀ ਕਮਿਸ਼ਨਰ ਨੂੰ ਬਾਰ੍ਹਵੀਂ ਜਮਾਤ ਦੀਆਂ 2 ਵਿਦਿਆਰਥਣਾਂ ਵੱਲੋਂ ਪ੍ਰਿੰਸੀਪਲ ਖਿਲਾਫ ਲਾਏ ਗਏ ਛੇੜਛਾੜ ਦੇ ਦੋਸ਼ਾਂ ਦੇ ਸਬੰਧ ਵਿਚ ਸਬੂਤ ਪ੍ਰਾਪਤ ਹੋਏ ਹਨ। 
ਇਹ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਇਸ 'ਤੇ ਕਾਰਵਾਈ ਕਰਦਿਆਂ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟ ਆਫ ਪੰਜਾਬ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਪ੍ਰਭਾਵ ਨਾਲ ਡੋਗਰਾ ਨੂੰ ਪ੍ਰਿੰਸੀਪਲ ਦੇ ਚਾਰਜ ਤੋਂ ਲਾਂਭੇ ਕਰਨ। ਉਸ ਨੂੰ ਆਪਣਾ ਚਾਰਜ ਵਾਈਸ ਪ੍ਰਿੰਸੀਪਲ ਦੀਪਕਾ ਰਾਣੀ ਹਵਾਲੇ ਕਰਨ ਲਈ ਆਖਿਆ ਗਿਆ ਹੈ ਅਤੇ ਉਸ ਨੂੰ ਪ੍ਰਾਜੈਕਟ ਡਾਇਰੈਕਟਰ, ਸੁਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟ ਦਫਤਰ ਵਿਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਦੋਸ਼ੀ ਪ੍ਰਿੰਸੀਪਲ ਵਿਰੁੱਧ ਇੰਡੀਅਨ ਪੀਨਲ ਕੋਡ ਦੀ ਧਾਰਾ 354-ਏ (ਸਰੀਰਕ ਛੇੜਛਾੜ) ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਾਰ ਸੈਕਸੂਅਲ ਓਫੈਂਸ ਐਕਟ (ਪੋਕਸੋ) ਦੇ ਹੇਠ ਕਾਰਵਾਈ ਕੀਤੀ ਗਈ ਹੈ।