ਸਕੂਲ ਦੀ ਘਟੀਆ ਕਰਤੂਤ ਆਈ ਸਾਹਮਣੇ, ਕਈ ਘੰਟਿਆਂ ਤੱਕ ਕੁਰਸੀ ਨਾਲ ਬੰਨ੍ਹ ਕੇ ਰੱਖਿਆ ਮੰਦਬੁੱਧੀ ਬੱਚਾ

11/22/2017 6:48:48 PM

ਪਟਿਆਲਾ(ਇੰਦਰਜੀਤ)— ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਦੇ ਨਾਲ ਤੁਸੀਂ ਤਸ਼ੱਦਦ ਦੇ ਮਾਮਲੇ ਤਾਂ ਆਮ ਸੁਣੇ ਹੋਣਗੇ ਪਰ ਅੱਜ ਅਸੀਂ ਇਕ ਅਜਿਹਾ ਮਾਮਲਾ ਦੱਸਣ ਜਾ ਰਹੇ ਹਨ ਜੋ ਪਟਿਆਲਾ ਨਾਲ ਸਬੰਧਤ ਇਕ ਸਪੈਸ਼ਲ ਬੱਚਿਆਂ ਦੇ ਸਕੂਲ ਨਾਲ ਜੁੜਿਆ ਹੈ। 
ਪਟਿਆਲਾ 'ਚ ਨਾਮਵਰ ਨਿੱਜੀ ਸਕੂਲ ਜੋ ਸਪੈਸ਼ਲ ਬੱਚਿਆਂ ਲਈ ਬਣਿਆ ਹੈ ਅਤੇ ਜਿੱਥੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ, ਉਥੋਂ ਬੁੱਧਵਾਰ ਨੂੰ ਕੈਮਰੇ 'ਚ ਕੁਝ ਅਜਿਹੀਆਂ ਤਸਵੀਰਾਂ ਕੈਦ ਹੋਈਆਂ ਹਨ, ਜਿਸ 'ਚ ਇਕ ਮੰਦਬੁੱਧੀ ਬੱਚੇ ਨੂੰ ਕੁਰਸੀ ਦੇ ਨਾਲ ਕਈ ਘੰਟਿਆਂ ਤੱਕ ਬੰਨ੍ਹ ਕੇ ਰੱਖਿਆ ਗਿਆ ਅਤੇ ਇਸ ਦੇ ਬਾਰੇ ਕਿਸੇ ਨੂੰ ਇਹ ਤੱਕ ਨਹੀਂ ਪਤਾ ਸੀ ਕਿ ਇਸ ਦੀ ਗਲਤੀ ਕੀ ਹੈ ਅਤੇ ਕਿਸ ਟੀਚਰ ਨੇ ਇਸ ਨੂੰ ਬੰਨ੍ਹ ਕੇ ਰੱਖਿਆ। 

ਇਸ ਮਾਮਲੇ ਦਾ ਪਤਾ ਉਸ ਸਮੇਂ ਲੱਗਾ ਜਦੋਂ ਇਕ ਨਿੱਜੀ ਸਕੂਲ ਦੇ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਦੇ ਖਿਲਾਫ ਧਰਨਾ ਦੇ ਰਹੇ ਸਨ। ਧਰਨੇ ਦੌਰਾਨ ਜਦੋਂ ਕੈਮਰਾਮੈਨ ਦੀ ਨਜ਼ਰ ਇਕ ਕਲਾਸ ਦੇ ਅੰਦਰ ਬੱਚੇ ਨੂੰ ਕੁਰਸੀ ਦੇ ਨਾਲ ਬੰਨ੍ਹੇ ਹੋਣ 'ਤੇ ਨਜ਼ਰ ਪਈ ਤਾਂ ਉਸ ਨੇ ਇਹ ਸਭ ਕੁਝ ਆਪਣੇ ਕੈਮਰੇ 'ਚ ਕੈਦ ਕਰ ਲਿਆ ਅਤੇ ਇਸ ਬਾਰੇ ਸਬੰਧਤ ਪ੍ਰਿੰਸੀਪਲ ਤੋਂ ਪੁੱਛਿਆ ਕੀ ਇਸ ਬੱਚੇ ਦਾ ਕਸੂਰ ਕੀ ਸੀ ਕਿ ਉਸ ਨੂੰ ਕੁਰਸੀ ਦੇ ਨਾਲ ਬੰਨ੍ਹ ਕੇ ਰੱਖਿਆ ਗਿਆ। ਪ੍ਰਿੰਸੀਪਲ ਨੂੰ ਇਸ ਦਾ ਜਵਾਬ ਦੇਣਾ ਮੁਸ਼ਕਿਲ ਹੋ ਗਿਆ। ਪ੍ਰਿੰਸੀਪਲ ਨੇ ਪਹਿਲਾਂ ਤਾਂ ਕਿਹਾ ਕਿ ਤੁਸੀਂ ਮੈਨੂੰ ਦੱਸੋ ਕਿ ਕਿੱਥੇ ਬੰਨ੍ਹ ਕੇ ਰੱਖਿਆ ਹੈ ਅਤੇ ਜਦੋਂ ਕੈਮਰੇਮੈਨ ਨਾਲ ਮੌਕੇ 'ਤੇ ਪਹੁੰਚੀ ਤਾਂ ਉਹ ਖੁਦ ਬੱਚੇ ਨੂੰ ਬੰਨ੍ਹਿਆ ਦੇਖ ਕੇ ਹੈਰਾਨ ਰਹਿ ਗਈ। ਉਸ ਨੇ ਕੈਮਰੇ ਦੇ ਸਾਹਮਣੇ ਬੱਚੇ ਨੂੰ ਛੁੜਵਾਇਆ ਅਤੇ ਇਸ ਸਬੰਧੀ ਜਾਂਚ ਕਰਨ ਦੀ ਗੱਲ ਕੀਤੀ। 
ਸਵਾਲ ਇਹ ਉੱਠਦਾ ਹੈ ਕਿ ਆਮ ਬੱਚਿਆਂ ਦੇ ਨਾਲ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਹਮੇਸ਼ਾ ਹੀ ਆਵਾਜ਼ ਉੱਠਦੀ ਰਹੀ ਹੈ ਪਰ ਇਕ ਅਜਿਹੇ ਬੱਚੇ ਦੇ ਨਾਲ ਹੋਈ ਹਿੰਸਾ ਕਿੱਥੋਂ ਤੱਕ ਜਾਇਜ਼ ਜੋ ਸਹੀ ਢੰਗ ਨਾਲ ਆਪਣੀ ਗੱਲੀ ਵੀ ਨਹੀਂ ਦੱਸ ਪਾਂਦਾ।