ਦੰਦਾਂ ਦੇ ਜ਼ਖਮਾਂ ਤੋਂ ਫੜੇ ਗਏ ਵਪਾਰੀ ਦੇ ਕਾਤਲ

11/19/2017 2:45:43 AM

ਚੰਡੀਗੜ੍ਹ,   (ਅਰਚਨਾ)-  ਦੰਦਾਂ ਦੇ ਦਮ 'ਤੇ ਹੁਣ ਕਤਲ ਕੇਸ ਵੀ ਹੱਲ ਕੀਤੇ ਜਾ ਸਕਦੇ ਹਨ। ਦੰਦਾਂ ਦੇ ਸਾਈਜ਼, ਉਨ੍ਹਾਂ ਦਾ ਡੀ. ਐੱਨ. ਏ., ਉਨ੍ਹਾਂ ਦੀ ਕਿਸਮ ਦੇ ਆਧਾਰ 'ਤੇ ਮੁਲਜ਼ਮ ਨੂੰ ਫੜਨਾ ਸੌਖਾ ਹੋ ਗਿਆ ਹੈ। ਫਾਰੈਂਸਿਕ ਸਾਇੰਸ ਨੇ ਦੰਦਾਂ ਨੂੰ ਅਜਿਹਾ ਹਥਿਆਰ ਮੰਨ ਲਿਆ ਹੈ, ਜਿਸ ਦਾ ਸਬੂਤ ਕਦੇ ਵੀ ਨਸ਼ਟ ਨਹੀਂ ਕੀਤਾ ਜਾ ਸਕਦਾ। ਦੰਦਾਂ ਦੇ ਸਾਈਜ਼ ਦੇ ਦਮ 'ਤੇ ਹੀ ਸੈਕਟਰ-32 ਹਸਪਤਾਲ ਦੇ ਫਾਰੈਂਸਿਕ ਸਾਇੰਸ ਡਿਪਾਰਟਮੈਂਟ ਨੇ ਚੰਡੀਗੜ੍ਹ ਦੇ ਉਸ ਕਤਲ ਕੇਸ ਨੂੰ ਹੱਲ ਕਰ ਲਿਆ ਹੈ, ਜਿਸ ਵਿਚ ਕਾਤਲਾਂ ਨੇ ਲੁੱਟ ਦੇ ਇਰਾਦੇ ਨਾਲ ਸੈਕਟਰ-22 ਦੇ ਵਪਾਰੀ ਕੈਲਾਸ਼ ਚੰਦ ਦਾ ਕਤਲ ਕਰ ਦਿੱਤਾ ਸੀ। 
ਕੈਲਾਸ਼ ਚੰਦ ਦੇ ਭਰਾ ਮਦਨ ਲਾਲ ਨੂੰ ਵੀ ਕਾਤਲ ਗੋਲੀ ਮਾਰਨਾ ਚਾਹੁੰਦੇ ਸੀ ਪਰ ਮਦਨ ਨੇ ਇਕ ਕਾਤਲ ਦੀ ਬਾਂਹ 'ਤੇ ਦੰਦੀ ਵੱਢੀ ਵੱਢੀ ਤਾਂ ਮਦਨ ਦੇ ਦੰਦਾਂ ਦੇ ਨਿਸ਼ਾਨ ਉਸਦੀ ਬਾਂਹ 'ਤੇ ਛਪ ਗਏ ਸਨ। ਕੈਲਾਸ਼ ਦੀ ਹੱਤਿਆ ਤੋਂ ਬਾਅਦ ਜੀ. ਐੱਮ. ਸੀ. ਐੱਚ.-32 ਦੇ ਫਾਰੈਂਸਿਕ ਐਕਸਪਰਟ ਨੇ ਮਦਨ ਲਾਲ ਦੇ ਦੰਦਾਂ ਦੇ ਨਿਸ਼ਾਨ ਲਏ ਸਨ ਤੇ 10 ਦਿਨਾਂ ਦੇ ਅੰਦਰ ਕਾਤਲ ਨਾਜ਼ਿਰ ਖਾਨ ਤੇ ਸੰਚਿਤ ਫੜੇ ਗਏ ਤਾਂ ਫਾਰੈਂਸਿਕ ਐਕਸਪਰਟ ਨੇ ਮਦਨ ਦੇ ਦੰਦਾਂ ਦੇ ਸਾਈਜ਼ ਤੇ ਨਿਸ਼ਾਨਾਂ ਨੂੰ ਧਿਆਨ ਵਿਚ ਰੱਖਦਿਆਂ ਬਣਾਏ ਕਾਸਟ ਨੂੰ ਇਕ ਕਾਤਲ ਦੀ ਬਾਂਹ 'ਤੇ ਲੱਗੇ ਟੂਥ ਬਾਈਟ ਨਾਲ ਮਿਲਾਇਆ ਤਾਂ ਕਾਸਟ ਤੇ ਬਾਈਟ ਦੇ ਨਿਸ਼ਾਨ ਆਪਸ ਵਿਚ ਮਿਲ ਗਏ। ਟੂਥ ਬਾਈਟ ਤੇ ਕਾਸਟ ਦੇ ਮਿਲਾਨ ਨੂੰ ਕੋਰਟ ਨੇ ਸਾਇੰਟੀਫਿਕ ਮੰਨਦੇ ਹੋਏ ਹਾਲ ਹੀ 'ਚ ਕਾਤਲਾਂ ਨੂੰ ਸਜ਼ਾ ਦਿੱਤੀ ਹੈ।