ਮਾਨਸਿਕ ਤੌਰ ''ਤੇ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

04/04/2018 4:58:03 AM

ਸੁਲਤਾਨਪੁਰ ਲੋਧੀ, (ਸੋਢੀ)- ਸਥਾਨਕ ਸ਼ਹਿਰ ਦੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਇਕ 32 ਸਾਲਾਂ ਦੇ ਨੌਜਵਾਨ ਗੁਰਪਾਲ ਸਿੰਘ ਉਰਫ ਬੰਟੀ ਪੁੱਤਰ ਜਸਵੀਰ ਸਿੰਘ ਮੁਹੱਲਾ ਸਿੱਖਾਂ ਨੇ ਅੱਜ ਸਵੇਰੇ 11 ਵਜੇ ਕਰੀਬ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਦੇ ਪਾਵਨ ਸਰੋਵਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ। ਇਸ ਦੌਰਾਨ ਗੁਰਦੁਆਰਾ ਸ੍ਰੀ ਹੱਟ ਸਾਹਿਬ ਨੇੜੇ ਗੁਰੂ ਕੇ ਲੰਗਰ ਦੀ ਸੇਵਾ ਨਿਭਾ ਰਹੇ ਗੁਰੂ ਨਾਨਕ ਸੇਵਕ ਜਥੇ ਦੇ ਸੇਵਾਦਾਰਾਂ ਨੇ ਜਦੋਂ ਕਿਸੇ ਵਿਅਕਤੀ ਨੂੰ ਸਰੋਵਰ 'ਚ ਡੁੱਬਦੇ ਹੋਏ ਦੇਖਿਆ ਤਾਂ ਉਹ ਭੱਜ ਕੇ ਸਰੋਵਰ ਕੋਲ ਆਏ ਤੇ ਡੁੱਬਦੇ ਨੂੰ ਕੱਢਣ ਲਈ ਕੁੱਦ ਪਏ। ਸੇਵਾਦਾਰਾਂ ਵੱਲੋਂ ਬੜੀ ਮਿਹਨਤ ਨਾਲ ਗੁਰਪਾਲ ਸਿੰਘ ਨੂੰ ਜਦ ਪਾਣੀ 'ਚੋਂ ਕੱਢ ਕੇ ਬਾਹਰ ਲਿਆਂਦਾ ਤੇ ਹੋਸ਼ 'ਚ ਆਉਣ ਤੋਂ ਬਾਅਦ ਨੌਜਵਾਨ ਨੇ ਮੁੜ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਇਸ ਉਪਰੰਤ ਸੂਚਨਾ ਮਿਲਦੇ ਹੀ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ, ਭਾਈ ਚੈਂਚਲ ਸਿੰਘ ਤੇ ਭਾਈ ਅਮਨਦੀਪ ਸਿੰਘ ਬੂਲੇ ਆਦਿ ਮੌਕੇ 'ਤੇ ਪੁੱਜ ਗਏ ਤੇ ਨੌਜਵਾਨ ਨੂੰ ਗੁ. ਬੇਰ ਸਾਹਿਬ ਲੈ ਗਏ, ਜਿਥੇ ਪੁਲਸ ਨੂੰ ਸੂਚਨਾ ਦੇਣ 'ਤੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਮਾਮਲੇ ਦੀ ਜਾਂਚ ਕੀਤੀ। 
ਇਸ ਦੌਰਾਨ ਨੌਜਵਾਨ ਗੁਰਪਾਲ ਸਿੰਘ ਬੰਟੀ ਦੇ ਤਾਏ ਸਕੱਤਰ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਸਦਾ ਵਿਆਹ ਵੀ ਡੇਢ ਕੁ ਸਾਲ ਪਹਿਲਾਂ ਹੋਇਆ ਹੈ ਤੇ ਉਹ ਆਪਣੀ ਮਾਂ ਤੇ ਪਤਨੀ ਨਾਲ ਘਰ 'ਚ ਰਹਿੰਦਾ ਹੈ। ਅੱਜ ਉਸਦੀ ਮਾਂ ਘਰੋਂ ਦਵਾਈ ਲੈਣ ਲਈ ਗਈ ਤਾਂ ਮਗਰੋਂ ਉਸ ਨੇ ਸਰੋਵਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ਕਰਨ ਉਪਰੰਤ ਸਰਬਜੀਤ ਸਿੰਘ ਇੰਸਪੈਕਟਰ ਤੇ ਰੀਡਰ ਅਮਰਜੀਤ ਸਿੰਘ ਨੇ ਨੌਜਵਾਨ ਨੂੰ ਉਸਦੇ ਤਾਏ ਸਕੱਤਰ ਸਿੰਘ ਦੇ ਹਵਾਲੇ ਕਰ ਦਿੱਤਾ।