ਓਏ ਛੋਟੂ! ਪੰਜਾਬ ਪੁਲਸ ਸੇਵਾ ਵੀ ਕਰਦੀ ਅੈ

07/23/2018 7:06:57 AM

ਜਲੰਧਰ, (ਸ਼ੋਰੀ)– ਅਕਸਰ ਲੋਕਾਂ ਦੀ ਡੰਡੇ, ਪਟੇ ਤੇ ਥੱਪੜਾਂ ਅਾਦਿ ਨਾਲ ਸੇਵਾ ਕਰਨ ਲਈ ਮਸ਼ਹੂਰ ਸਾਡੀ ਪੰਜਾਬ ਪੁਲਸ ਮਰੀਜ਼ਾਂ ਦੀ ਸੇਵਾ ਕਰਨ ਤੋਂ ਵੀ ਪਿੱਛੇ ਨਹੀਂ ਹਟਦੀ। ਉਂਝ ਤਾਂ ਤੁਸੀਂ ਇਹ ਖਬਰ ਸੁਣ ਕੇ ਹੈਰਾਨ ਤਾਂ ਹੋਵੋਗੇ ਕਿ ਪੱਥਰ ਦਿਲ ਮੰਨੀ ਜਾਂਦੀ ਪੰਜਾਬ ਪੁਲਸ ’ਚ ਕੁਝ ਜਵਾਨ ਨੇਕ ਦਿਲ ਵਾਲੇ ਵੀ ਹਨ। ਇਹ ਸੇਵਾ ਕਿਸੇ ਥਾਣੇ ਨਹੀਂ ਹੋਈ ਸਗੋਂ ਸਿਵਲ ਹਸਪਤਾਲ ਜਲੰਧਰ ’ਚ ਹੋਈ। 
 ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇਕ ਵਿਅਕਤੀ ਕਾਫੀ ਦਿਨਾਂ ਤੋਂ ਹਸਪਤਾਲ ਦੇ ਅੈਮਰਜੈਂਸੀ ਵਾਰਡ ’ਚ ਦਾਖਲ ਸੀ। ਉਸ ਦੇ ਸਰੀਰ ਤੋਂ ਨਾ ਨਹਾਉਣ ਕਾਰਨ ਬਦਬੂ ਅਾ ਰਹੀ ਸੀ  ਤੇ ਉਸ ਦੇ ਨਾਲ ਬੈਠਣ ਵਾਲੇ ਵਿਅਕਤੀ ਦੀ ਤਬੀਅਤ ਖਰਾਬ ਹੋਣ ਲੱਗੀ।  ਮਾਨਸਿਕ  ਰੋਗੀ ਨੂੰ ਸਾਈਡ ’ਤੇ ਬੈੱਡ ’ਤੇ ਲਿਟਾਇਅਾ ਗਿਅਾ ਸੀ। 
ਹਸਪਤਾਲ ’ਚ ਸਥਾਪਤ ਪੁਲਸ ਚੌਕੀ ’ਚ ਤਾਇਨਾਤ ਪੁਲਸ ਕਰਮਚਾਰੀ ਮਨਜੀਤ ਸਿੰਘ ਤੇ ਕੌਟਲਿਅਾ ਸ਼ਰਮਾ ਨੇ ਹਸਪਤਾਲ ’ਚ ਤਾਇਨਾਤ ਦਰਜਾ ਚਾਰ ਕਰਮਚਾਰੀ ਸੁਨੀਲ ਦੀ ਮਦਦ ਨਾਲ ਮਾਨਸਿਕ ਰੋਗੀ ਨੂੰ ਪਖਾਨੇ ਲੈ ਗਏ, ਜਿੱਥੇ ਉਸ  ਦੇ ਕੱਪੜੇ ਉਤਾਰ ਕੇ ਸ਼ੈਂਪੂ ਨਾਲ ਨੁਹਾਉਣ ਤੋਂ ਬਾਅਦ ਸਾਬਣ ਲਗਾ ਕੇ ਉਸ ਦੇ ਸਰੀਰ ਤੋਂ ਗੰਦਗੀ ਸਾਫ ਕੀਤੀ। ਇਸ ਤੋਂ ਬਾਅਦ ਸਟਾਫ ਨੇ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਨਵੇਂ ਕੱਪੜੇ ਉਕਤ ਮਰੀਜ਼ ਨੂੰ ਪਹਿਨਾਏ। 
ਪੁਲਸ ਜਵਾਨਾਂ ਨੂੰ ਰੋਗੀ ਨੇ ਕਿਹਾ ਕਿ ਉਸ ਨੂੰ ਭੁੱਖ ਲੱਗੀ ਹੈ ਤਾਂ ਪੁਲਸ ਕਰਮਚਾਰੀ ਸ਼ਰਮਾ ਕੰਟੀਨ ’ਤੇ ਗਿਅਾ ਤੇ ਉਸ ਨੂੰ 2 ਕੱਪ ਚਾਹ ਤੇ ਸੈਂਡਵਿਚ ਵੀ ਖੁਅਾਏ। ਪੁਲਸ ਵਾਲਿਅਾਂ ਵਲੋਂ ਮਰੀਜ਼ ਦੀ ਕੀਤੀ ਜਾ ਰਹੀ ਸੇਵਾ ਵੇਖ ਕੇ ਅੈਮਰਜੈਂਸੀ ਵਾਰਡ ’ਚ ਖੜ੍ਹੇ ਬਾਕੀ ਲੋਕ ਉਨ੍ਹਾਂ ਨੂੰ ਦੁਅਾਵਾਂ ਦਿੰਦੇ ਨਜ਼ਰ ਅਾ ਰਹੇ ਸਨ। ਲੋਕਾਂ ਦਾ ਕਹਿਣਾ ਸੀ ਕਿ ਪੁਲਸ ਦਾ ਅਕਸ ਲੋਕਾਂ ’ਚ ਖਰਾਬ ਹੈ ਤਾਂ ਅਜਿਹਾ ਕੰਮ ਕਰਨ ਵਾਲੇ ਪੁਲਸ ਦਾ ਅਕਸ ਸੁਧਾਰਦੇ ਹਨ।