ਧਾਰਮਿਕ ਟਿੱਪਣੀ ਨੂੰ ਲੈ ਕੇ ਇਸਾਈ ਭਾਈਚਾਰੇ ਵੱਲੋਂ ਥਾਣਾ ਮਮਦੋਟ ਵਿਖੇ ਦਿੱਤਾ ਮੰਗ ਪੱਤਰ

12/27/2019 3:30:08 PM

ਮਮਦੋਟ (ਸੰਜੀਵ ਮਦਾਨ) : ਕਾਮੇਡੀਅਨ ਭਾਰਤੀ ਸਿੰਘ, ਅਦਾਕਾਰਾ ਰਵੀਨਾ ਟੰਡਨ ਅਤੇ ਫਿਲਮ ਨਿਰਮਾਤਾ ਫਰਾਹ ਖਾਨ ਵਲੋਂ ਧਾਰਮਿਕ ਸ਼ਬਦ ਦੇ ਉਡਾਏ ਗਏ ਮਜ਼ਾਕ ਨੂੰ ਲੈ ਕੇ ਇਸਾਈ ਭਾਈਚਾਰੇ 'ਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਇਸਾਈ ਭਾਈਚਾਰੇ ਵੱਲੋਂ ਮਮਦੋਟ ਦੇ ਥਾਣਾ ਮੁਖੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਭਾਰੀ ਰੋਸ ਜ਼ਾਹਰ ਕਰਦੇ ਉਨ੍ਹਾਂ ਨੇ ਥਾਣੇ ਦੇ ਅੱਗੇਫਰਾਹ ਖ਼ਾਨ, ਰਵੀਨਾ ਟੰਡਨ ਅਤੇ ਭਾਰਤੀ ਸਿੰਘ ਦੇ ਖਿਲਾਫ 'ਮੁਰਦਾਬਾਦ' ਦੇ ਨਾਅਰੇ ਲਾਏ। ਇਸ ਮੌਕੇ ਯੁਵਾ ਕ੍ਰਿਸਟਨ ਮੋਰਚਾ ਦੇ ਬਲਾਕ ਪ੍ਰਧਾਨ ਹਨੂਕ ਭੱਟੀ ਨੇ ਕਿਹਾ ਕਿ ਤਿੰਨਾਂ ਮਹਿਲਾਵਾਂ ਵੱਲੋਂ ਉਨ੍ਹਾਂ ਦੇ ਧਾਰਮਿਕ ਸ਼ਬਦ 'ਤੇ ਕੀਤੀ ਗਈ ਟਿੱਪਣੀ ਨਾਲ ਸਮੂਹ ਇਸਾਈ ਭਾਈਚਾਰੇ ਨੂੰ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਧਾਰਮਿਕ ਟਿੱਪਣੀਆਂ ਸ਼ਰਾਰਤੀ ਲੋਕਾਂ ਲਈ ਇੱਕ ਖੇਡ ਬਣ ਗਈਆਂ ਹਨ, ਜਿਨ੍ਹਾਂ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਭਾਰਤੀ ਕਾਨੂੰਨ ਪ੍ਰਣਾਲੀ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

ਉੱਧਰ ਮੰਗ ਪੱਤਰ ਲੈਂਦੇ ਹੋਏ ਏ. ਐੱਸ. ਆਈ. ਸੁਖਦੇਵ ਰਾਜ ਨੇ ਕਿਹਾ ਕਿ ਇਸਾਈ ਭਾਈਚਾਰੇ ਵੱਲੋਂ ਦਿੱਤਾ ਗਿਆ ਮੰਗ ਪੱਤਰ ਜਲਦ ਹੀ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ ਤਾਂ ਜੋ ਜਨਤਾ ਦਾ ਕਾਨੂੰਨ ਪ੍ਰਣਾਲੀ 'ਤੇ ਭਰੋਸਾ ਬਣਿਆ ਰਹਿ ਸਕੇ। ਦੱਸਣਯੋਗ ਹੈ ਕਿ ਡਾਇਰੈਕਟਰ ਫਰਾਹ ਖ਼ਾਨ, ਅਦਾਕਾਰਾ ਰਵੀਨਾ ਟੰਡਨ ਅਤੇ ਕਾਮੇਡੀਅਨ ਭਾਰਤੀ ਸਿੰਘ ਵਲੋਂ ਇਸਾਈ ਭਾਈਚਾਰੇ ਵਲੋਂ ਪ੍ਰਭੂ ਈਸਾ ਮਸੀਹ ਦੀ ਯਾਦ 'ਚ ਉਚਾਰੇ ਜਾਂਦੇ ਪਵਿੱਤਰ ਧਾਰਮਿਕ ਸ਼ਬਦ 'ਹੈਲੇਲੁਈਆ' ਸ਼ਬਦ ਨੂੰ ਗਲਤ ਤਰੀਕੇ ਨਾਲ ਉਚਾਰਿਆ ਗਿਆ ਸੀ।

Anuradha

This news is Content Editor Anuradha