ਮੇਲਾ ਹੋਲਾ ਮਹੱਲਾ, 10 ਸੈਕਟਰਾਂ ''ਚ ਵੰਡਿਆ ਮੇਲੇ ਦਾ ਇਲਾਕਾ

02/23/2018 10:44:40 PM

ਸ੍ਰੀ ਅਨੰਦਪੁਰ ਸਾਹਿਬ, (ਬਾਲੀ/ਦਲਜੀਤ/ਆਂਗਰਾ/ਵੀ. ਕੇ. ਅਰੋੜਾ/ਸ਼ਮਸ਼ੇਰ)- ਹੋਲੇ ਮਹੱਲੇ ਸਬੰਧੀ ਸਾਰੇ ਮੁੱਢਲੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪ੍ਰਬੰਧਾਂ ਲਈ 4000 ਸਿਵਲ ਤੇ ਪੁਲਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਡਿਊਟੀ 'ਤੇ ਤਾਇਨਾਤ ਰਹਿਣਗੇ। ਸਮੁੱਚੇ ਮੇਲਾ ਖੇਤਰ ਨੂੰ 10 ਖੇਤਰਾਂ ਵਿਚ ਵੰਡ ਕੇ ਹਰ ਸੈਕਟਰ ਵਿਚ ਇਕ ਡਿਊਟੀ ਮੈਜਿਸਟ੍ਰੇਟ ਵਾਇਰਲੈੱਸ ਰੇਡੀਓ ਸੈੱਟ ਸਮੇਤ ਤਾਇਨਾਤ ਰਹੇਗਾ। ਸਮੁੱਚੇ ਮੇਲੇ ਦਾ ਮੁੱਖ ਕੰਟਰੋਲ ਰੂਮ ਐੱਸ. ਡੀ. ਐੱਮ. ਦਫਤਰ ਵਿਚ ਹੋਵੇਗਾ। ਇਹ ਪ੍ਰਗਟਾਵਾ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇਥੇ ਹੋਲੇ ਮਹੱਲੇ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਲਖਮੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਗੁਜਰਾਲ, ਐੱਸ. ਡੀ. ਐੱਮ.-ਕਮ-ਮੇਲਾ ਅਫਸਰ ਰਾਕੇਸ਼ ਕੁਮਾਰ ਗਰਗ, ਐੱਸ. ਡੀ. ਐੱਮ. ਸ੍ਰੀ ਚਮਕੌਰ ਸਾਹਿਬ ਰੂਹੀ ਦੁੱਗ, ਐੱਸ. ਡੀ. ਐੱਮ. ਰੂਪਨਗਰ ਹਰਜੋਤ ਕੌਰ, ਸਹਾਇਕ ਕਮਿਸ਼ਨਰ ਜਨਰਲ ਹਰਬੰਸ ਸਿੰਘ, ਪੁਲਸ ਕਪਤਾਨ ਰਮਿੰਦਰ ਸਿੰਘ ਤੇ ਮਨਮੀਤ ਸਿੰਘ ਢਿੱਲੋਂ, ਉਪ ਪੁਲਸ ਕਪਤਾਨ ਰਮਿੰਦਰ ਸਿੰਘ ਕਾਹਲੋਂ, ਵਰਿੰਦਰਜੀਤ ਸਿੰਘ, ਨਵਰੀਤ ਸਿੰਘ ਵਿਰਕ, ਮਨਵੀਰ ਸਿੰਘ ਬਾਜਵਾ, ਗੁਰਵਿੰਦਰ ਸਿੰਘ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸੁਖਦੀਪ ਸਿੰਘ, ਸਿਵਲ ਸਰਜਨ ਡਾ. ਹਰਿੰਦਰ ਕੌਰ, ਜ਼ਿਲਾ ਖੁਰਾਕ ਸਪਲਾਈ ਕੰਟਰੋਲਰ ਸਤਵੀਰ ਸਿੰਘ, ਆਰ. ਟੀ. ਏ. ਸੁਖਵਿੰਦਰ ਕੁਮਾਰ, ਕਾਰਜਕਾਰੀ ਇੰਜੀਨੀਅਰ ਵਿਸ਼ਾਲ ਗੁਪਤਾ, ਹਰਵਿੰਦਰ ਸਿੰਘ ਭੱਠਲ, ਕਾਰਜਕਾਰੀ ਇੰਜੀਨੀਅਰ ਵਿਰਾਸਤ-ਏ- ਖਾਲਸਾ ਭੁਪਿੰਦਰ ਸਿੰਘ ਚਾਨਾ, ਏ. ਟੀ. ਓ. ਸਿਮਰਨ ਸਿੰਘ ਸਰਾਂ, ਤਹਿਸੀਲਦਾਰ ਰਾਜਪਾਲ ਸਿੰਘ ਸੇਖੋਂ ਤੇ ਕਈ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। 

ਪਾਰਕਿੰਗ ਤੋਂ ਚਲਾਈਆਂ ਜਾਣਗੀਆਂ 45 ਸ਼ਟਲ ਬੱਸਾਂ
ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਪਾਰਕਿੰਗ ਸਥਾਨਾਂ ਤੋਂ 45 ਮੁਫਤ ਸ਼ਟਲ ਬੱਸਾਂ ਚਲਾਈਆਂ ਜਾਣਗੀਆਂ। ਇਹ ਤਿਉਹਾਰ ਵਾਹਨ ਮੁਕਤ ਰਹੇਗਾ। ਸਿਰਫ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤਕ ਹਲਕੇ ਅਤੇ ਛੋਟੇ ਵਾਹਨ ਹੀ ਮੇਲੇ ਦੇ ਇਲਾਕੇ ਵਿਚ ਦਾਖਲ ਹੋ ਸਕਣਗੇ, ਜਦੋਂਕਿ ਬਦਲਵੇਂ ਰੂਟ ਪ੍ਰਬੰਧ ਕਰਕੇ ਆਲੇ-ਦੁਆਲੇ ਦੇ ਖੇਤਰ ਦੇ ਲੋਕਾਂ ਲਈ ਨਿਰਵਿਘਨ ਟਰੈਫਿਕ ਦੀ ਸਹੂਲਤ ਰਹੇਗੀ। 
ਸੰਗਤਾਂ ਲਈ 3 ਜੋੜਾ ਘਰ ਸਥਾਪਿਤ
ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਤਿੰਨ ਜੋੜਾ ਘਰ ਬਣਾਏ ਜਾ ਰਹੇ ਹਨ। ਉਨ੍ਹਾਂ ਪੁਲਸ ਵਿਭਾਗ ਨੂੰ ਇਸ ਦੌਰਾਨ ਸੁਚਾਰੂ ਅਤੇ ਪੁਖਤਾ ਪ੍ਰਬੰਧ ਕਰਨ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੱਖਾਂ ਸੰਗਤਾਂ ਦੀ ਆਮਦ ਮੌਕੇ ਪੀਣ ਵਾਲੇ ਸਵੱਛ ਪਾਣੀ, ਆਰਜ਼ੀ ਪਖਾਨੇ, ਮੈਡੀਕਲ ਸਹੂਲਤਾਂ ਅਤੇ ਹੈਲਪ ਡੈਸਕ ਦੇ ਸੁਚਾਰੂ ਪ੍ਰਬੰਧ ਕੀਤੇ ਜਾ ਰਹੇ ਹਨ। 
150 ਸੀ. ਸੀ. ਟੀ. ਵੀ. ਕੈਮਰੇ ਤੇ 3 ਡਰੋਨ ਰੱਖਣਗੇ ਮੇਲੇ 'ਤੇ ਨਜ਼ਰ 
ਇਸ ਮੌਕੇ ਸੀਨੀਅਰ ਪੁਲਸ ਕਪਤਾਨ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸੁਰੱਖਿਆ ਅਤੇ ਟਰੈਫਿਕ ਪੱਖੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਸਮੁੱਚੇ ਮੇਲਾ ਖੇਤਰ ਵਿਚ ਲਗਭਗ 4000 ਪੁਲਸ ਦੇ ਜਵਾਨ ਤਾਇਨਾਤ ਰਹਿਣਗੇ ਤੇ 10 ਸੈਕਟਰਾਂ ਵਿਚ ਵਾਇਰਲੈੱਸ ਸੈੱਟ ਵੀ ਉਪਲਬਧ ਕਰਵਾਏ ਗਏ ਹਨ। ਇਸ ਦੌਰਾਨ 150 ਸੀ. ਸੀ. ਟੀ. ਵੀ. ਕੈਮਰੇ ਤੇ 3 ਡਰੋਨ ਕੈਮਰੇ ਸਮੁੱਚੇ ਮੇਲੇ 'ਤੇ ਨਜ਼ਰ ਰੱਖਣਗੇ। ਉਨ੍ਹਾਂ ਕਿਹਾ ਕਿ 8 ਵਾਚ ਟਾਵਰ ਲਾ ਕੇ ਉਨ੍ਹਾਂ 'ਤੇ 24 ਘੰਟੇ ਨਜ਼ਰ ਰਹੇਗੀ ਤੇ ਟਰੈਫਿਕ ਪੁਲਸ ਨੂੰ ਬਦਲਵੇਂ ਰੂਟਾਂ ਬਾਰੇ ਬਾਹਰੋਂ ਆਉਣ-ਜਾਣ ਵਾਲੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਵੀ ਹਦਾਇਤ ਕੀਤੀ ਗਈ ਹੈ।