ਅਮਰਿੰਦਰ ਪਹੁੰਚੇ ਵਾਜਪਾਈ ਦੀ ਰਿਹਾਇਸ਼ ''ਤੇ, ਸਾਬਕਾ ਪ੍ਰਧਾਨ ਮੰਤਰੀ ਦੀ ਮੁਤਬੰਨੀ ਪੁੱਤਰੀ ਤੇ ਹੋਰ ਮੈਂਬਰਾਂ ਨਾਲ ਕੀਤੀ ਮੁਲਾਕਾਤ

08/19/2018 6:58:30 AM

ਜਲੰਧਰ/ਦਿੱਲੀ, (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ 'ਚ 6-ਏ ਕ੍ਰਿਸ਼ਣਾ ਮੈਨਨ ਮਾਰਗ 'ਤੇ ਸਥਿਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ 'ਤੇ ਪਹੁੰਚੇ ਤੇ ਵਾਜਪਾਈ ਦੇ ਦਿਹਾਂਤ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸ਼ੋਕ ਪ੍ਰਗਟ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਲਗਭਗ ਅੱਧੇ ਘੰਟੇ ਤਕ ਵਾਜਪਾਈ ਦੀ ਰਿਹਾਇਸ਼ 'ਤੇ ਰਹਿ ਕੇ ਵੱਖ-ਵੱਖ ਮੈਂਬਰਾਂ ਨਾਲ ਗੱਲਬਾਤ ਕਰ ਕੇ ਆਪਣੀਆਂ ਭਾਵਨਾਵਾਂ  ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹ ਸਭ ਤੋਂ ਪਹਿਲਾਂ 1970 'ਚ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਨਾਲ ਮਿਲੇ ਸਨ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਉਨ੍ਹਾਂ ਨੇ ਦੇਸ਼ ਹਿੱਤ 'ਚ ਦੇਖਿਆ  ਸੀ। ਕੈਪਟਨ ਅਮਰਿੰਦਰ ਸਿੰਘ ਨੇ ਵਾਜਪਾਈ ਦੀ ਰਿਹਾਇਸ਼ 'ਚ ਰੱਖੀ ਗਈ ਵਿਜ਼ਿਟਰਸ ਬੁੱਕ 'ਤੇ ਆਪਣੇ ਵਿਚਾਰ ਲਿਖੇ। ਮੁੱਖ ਮੰਤਰੀ ਨੇ ਵਾਜਪਾਈ ਦੀ ਮੁਤਬੰਨੀ ਪੁੱਤਰੀ ਨਮਿਤਾ ਅਤੇ ਰੰਜਨ ਭੱਟਾਚਾਰੀਆ ਨਾਲ ਮੁਲਾਕਾਤ ਕੀਤੀ। ਇਨ੍ਹਾਂ ਮੈਂਬਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਾਜਪਾਈ ਦੇ ਜਾਣ ਨਾਲ ਦੇਸ਼ ਨੂੰ ਭਾਰੀ ਹਾਨੀ ਹੋਈ ਹੈ। ਉਨ੍ਹਾਂ ਕਿਹਾ ਕਿ 1970 'ਚ ਵਾਜਪਾਈ ਜਦੋਂ ਪੰਜਾਬ ਆਏ ਸਨ ਤਾਂ ਉਹ ਉਨ੍ਹਾਂ ਦੇ ਪੱਖ 'ਚ ਮੁਹਿੰਮ 'ਚ ਹਿੱਸਾ ਲੈਣ ਪਹੁੰਚੇ ਸਨ। ਵਾਜਪਾਈ ਉਦੋਂ 3 ਦਿਨਾਂ ਤਕ ਪਟਿਆਲਾ 'ਚ ਰੁਕੇ ਸਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ 1968 'ਚ ਉਨ੍ਹਾਂ ਨੇ ਭਾਰਤੀ ਫੌਜ ਦੀ ਨੌਕਰੀ ਛੱਡੀ ਸੀ ਅਤੇ ਆਪਣੀ ਪਹਿਲੀ ਚੋਣ 1970 'ਚ ਡਕਾਲਾ 'ਚ ਹੋਈ ਵਿਧਾਨ ਸਭਾ ਉਪ ਚੋਣ ਦੇ ਤਹਿਤ ਲੜੀ ਸੀ। ਉਸ ਸਮੇਂ ਤਤਕਾਲੀਨ ਵਿਧਾਇਕ ਬਸੰਤ ਸਿੰਘ ਦੀ ਨਕਸਲਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਵਾਜਪਾਈ ਇਕ ਮਹਾਨ ਨੇਤਾ, ਸਰਵਸ੍ਰੇਸ਼ਠ ਸਟੇਟਸਮੈਨ ਅਤੇ ਉੱਚ ਦਰਜੇ ਦੇ ਸਿਆਸਤਦਾਨ ਸਨ। ਉਨ੍ਹਾਂ ਦੀ ਮੌਤ ਨਾਲ ਭਾਰਤੀ ਸਿਆਸਤ 'ਚ ਇਕ ਖਲਾਅ ਪੈਦਾ ਹੋਇਆ ਹੈ, ਜਿਸ ਨੂੰ ਭਰਨ 'ਚ ਕਾਫੀ ਸਮਾਂ ਲੱਗ ਜਾਵੇਗਾ।