ਓਡੀਸ਼ਾ ''ਚ ਇਤਿਹਾਸਕ ਅਸਥਾਨ ਮੰਗੂ ਮੱਠ ਸਬੰਧੀ ਵੀਡੀਓ ਕਾਨਫਰੰਸ ਰਾਹੀਂ ਹੋਈ ਸਬ ਕਮੇਟੀ ਦੀ ਮੀਟਿੰਗ

05/16/2020 11:11:15 PM

ਅੰਮ੍ਰਿਤਸਰ(ਦੀਪਕ ਸ਼ਰਮਾ)-ਓਡੀਸ਼ਾ 'ਚ ਜਗਨਨਾਥ ਪੁਰੀ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਮੰਗੂ ਮੱਠ ਸਬੰਧੀ ਸਬ ਕਮੇਟੀ ਦੀ ਮੀਟਿੰਗ ਅੱਜ ਵੀਡੀਓ ਕਾਨਫਰੰਸ ਰਾਹੀਂ ਹੋਈ, ਜਿਸ 'ਚ ਵੱਖ-ਵੱਖ ਥਾਵਾਂ ਤੋਂ ਮੈਂਬਰਾਂ ਨੇ ਜੁੜ ਕੇ ਆਪਣੇ ਸੁਝਾਅ ਦਿੱਤੇ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੋਂ ਚਲਾਈ ਗਈ ਇਸ ਮੀਟਿੰਗ 'ਚ ਇਤਿਹਾਸਕ ਅਸਥਾਨ ਦਾ ਪ੍ਰਬੰਧ ਪ੍ਰਾਪਤ ਕਰਨ ਸਬੰਧੀ ਓਡੀਸ਼ਾ ਸਰਕਾਰ ਨਾਲ ਗੱਲਬਾਤ ਜਾਰੀ ਰੱਖਣ ਦੇ ਨਾਲ-ਨਾਲ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਨ ਲਈ ਕਾਗਜ਼ਾਤ ਤਿਆਰ ਕਰਨ ਦੀ ਸਹਿਮਤੀ ਬਣੀ। 

ਕੇਸ ਸਬੰਧੀ ਸੀਨੀਅਰ ਵਕੀਲ ਬ੍ਰਿਜਿੰਦਰ ਸਿੰਘ ਲੂੰਬਾ ਕਾਰਵਾਈ ਕਰਨਗੇ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਅਤੇ ਕੋਆਰਡੀਨੇਟਰ ਸਕੱਤਰ ਸਿੰਘ ਮੀਤ ਸਕੱਤਰ ਦੀ ਮੌਜੂਦਗੀ 'ਚ ਵੱਖ-ਵੱਖ ਮੈਂਬਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਗਈ। ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ਕਿ ਇਤਿਹਾਸਕ ਮੰਗੂ ਮੱਠ ਦਾ ਪ੍ਰਬੰਧ ਪ੍ਰਾਪਤ ਕਰਨ ਲਈ ਓਡੀਸ਼ਾ ਦੇ ਮੁੱਖ ਮੰਤਰੀ ਨਾਲ ਗੱਲਬਾਤ ਤੋਂ ਇਲਾਵਾ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਜਾਵੇ। 

ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਇਤਿਹਾਸਕ ਮੰਗੂ ਮੱਠ ਦਾ ਮਾਮਲਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ 'ਚ ਓਡੀਸ਼ਾ ਸਰਕਾਰ ਨਾਲ ਕਈ ਵਾਰ ਰਾਬਤਾ ਕਾਇਮ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਸਬ-ਕਮੇਟੀ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਢੁੱਕਵਾਂ ਹੱਲ ਕੱਢਣ ਦੀ ਕਾਰਵਾਈ ਜਾਰੀ ਰੱਖਣ ਤੋਂ ਇਲਾਵਾ ਮਾਨਯੋਗ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਨ ਬਾਰੇ ਕਾਗਜ਼ਾਤ ਤਿਆਰ ਕਰਨ 'ਤੇ ਵੀ ਸਹਿਮਤੀ ਬਣੀ ਹੈ।

ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਐਡਵੋਕੇਟ ਬ੍ਰਿਜਿੰਦਰ ਸਿੰਘ ਲੂੰਬਾ ਨੂੰ ਆਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਇਸ ਦਾ ਪ੍ਰਬੰਧ ਸਿੱਖ ਕੌਮ ਖੁਦ ਕਰੇ ਪਰ ਅਜੇ ਤੱਕ ਮਸਲਾ ਕਿਸੇ ਪਾਸੇ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦਾ ਪ੍ਰਬੰਧ ਪ੍ਰਾਪਤ ਕਰਨ ਲਈ ਕਾਰਵਾਈ ਜਾਰੀ ਰੱਖੇਗੀ। ਵੀਡੀਓ ਕਾਨਫਰੰਸ ਰਾਹੀਂ ਮੀਟਿੰਗ 'ਚ ਸੁਰਜੀਤ ਸਿੰਘ ਭਿੱਟੇਵਡ, ਜਗਦੀਪ ਸਿੰਘ ਓਡੀਸ਼ਾ, ਮਹਿੰਦਰ ਸਿੰਘ ਓਡੀਸ਼ਾ, ਜਗਜੀਤ ਸਿੰਘ ਓਡੀਸ਼ਾ, ਬ੍ਰਿਜਿੰਦਰ ਸਿੰਘ ਲੂੰਬਾ ਐਡਵੋਕੇਟ ਚੰਡੀਗੜ੍ਹ, ਰਜਿੰਦਰ ਸਿੰਘ ਨਵੀਂ ਦਿੱਲੀ, ਬਲਦੇਵ ਸਿੰਘ ਓਡੀਸ਼ਾ, ਅਜਮੇਰ ਸਿੰਘ ਰੰਧਾਵਾ ਸ਼ਾਮਲ ਹੋਏ।


Iqbalkaur

Content Editor

Related News