ਪੰਜਾਬ ਕੈਬਨਿਟ ''ਚ 9 ਨਵੇਂ ਚਿਹਰੇ, ਸ਼ਨੀਵਾਰ ਨੂੰ ਇਹ ਮੰਤਰੀ ਚੁੱਕਣਗੇ ਸਹੁੰ

04/21/2018 11:36:40 AM

ਨਵੀਂ ਦਿੱਲੀ\ਜਲੰਧਰ ( ਰਵਿੰਦਰ/ਜਸਪ੍ਰੀਤ) — ਪਿਛਲੇ ਲੰਬੇ ਸਮੇਂ ਤੋਂ ਲਟਕੇ ਆ ਰਹੇ ਪੰਜਾਬ ਕੈਬਨਿਟ ਦੇ ਵਿਸਥਾਰ ਦਾ ਆਖਰ ਰਾਹ ਪੱਧਰਾ ਹੋ ਗਿਆ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿਖੇ ਹੋਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਆਖਿਰ 9 ਮੰਤਰੀਆਂ ਦੇ ਨਾਵਾਂ 'ਤੇ ਮੋਹਰ ਲੱਗ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਸ਼ਨੀਵਾਰ ਨੂੰ ਹੋਵੇਗਾ ਅਤੇ ਇਸ ਲਈ 9 ਮੰਤਰੀਆਂ ਦੇ ਨਾਂ ਫਾਈਨਲ ਹੋ ਗਏ ਹਨ। 
ਇਹ ਮੰਤਰੀ ਚੁੱਕ ਸਕਦੇ ਹਨ ਸਹੁੰ  
ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ, ਓ. ਪੀ. ਸੋਨੀ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਕੰਵਰ ਤੇ ਬਲਬੀਰ ਸਿੱਧੂ ਦੇ ਨਾਂ ਸ਼ਾਮਲ ਹਨ। 
ਉਨ੍ਹਾਂ ਦੱਸਿਆ ਕਿ ਨਵੇਂ ਚੁਣੇ ਗਏ 9 ਕੈਬਨਿਟ ਮੰਤਰੀਆਂ ਨੂੰ ਸ਼ਨੀਵਾਰ ਚੰਡੀਗੜ੍ਹ 'ਚ ਸਹੁੰ ਚੁੱਕਾਈ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ (ਵੀਰਵਾਰ) ਤਿੰਨ ਘੰਟੇ ਕੈਬਨਿਟ ਦੇ ਵਿਸਥਾਰ ਦੇ ਮੁੱਦੇ 'ਤੇ ਚਰਚਾ ਹੋਈ ਸੀ ਪਰ ਕੈਬਨਿਟ ਮੰਤਰੀਆਂ ਦੇ ਨਾਂਵਾਂ 'ਤੇ ਕੋਈ ਸਹਿਮਤੀ ਨਹੀਂ ਹੋ ਪਾਈ ਸੀ। 
ਇਸ ਮੀਟਿੰਗ 'ਚ ਪੰਜਾਬ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਆਸ਼ਾ ਕੁਮਾਰੀ ਵੀ ਮੌਜੂਦ ਸਨ।