CM ਮਾਨ ਨੂੰ ਮਿਲੇ ਸੰਤ ਸੀਚੇਵਾਲ, ਕਿਹਾ-ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਪੰਜਾਬ ਨੂੰ ਹੋਇਆ 2000 ਕਰੋੜ ਜੁਰਮਾਨਾ

09/23/2022 7:45:57 PM

ਸੁਲਤਾਨਪੁਰ ਲੋਧੀ (ਬਿਊਰੋ) : ਪੰਜਾਬ ’ਚ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਪੱਖੋਂ ਪੰਜਾਬ ਬੜੇ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ। ਇਸ ਦੇ ਪਾਣੀ ਗੰਦੇ ਤੇ ਜ਼ਹਿਰੀਲੇ ਹੋ ਗਏ ਹਨ। ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਮੀਟਿੰਗ ਦੌਰਾਨ ਸੰਤ ਸੀਚੇਵਾਲ ਵੱਲੋਂ ਮੁੱਖ ਮੰਤਰੀ ਨਾਲ ਪਵਿੱਤਰ ਕਾਲੀ ਵੇਈਂ, ਚਿੱਟੀ ਵੇਈਂ, ਬੁੱਢਾ ਦਰਿਆ, ਕਾਲਾ ਸੰਘਿਆਂ ਡਰੇਨ ਸਮੇਤ ਧਰਤੀ ਹੇਠਲੇ ਦੂਸ਼ਿਤ ਹੋ ਰਹੇ ਪਾਣੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਦਰਿਆ ਤੇ ਨਦੀਆਂ ਇਸ ਕਰਕੇ ਪਲੀਤ ਹੋ ਰਹੀਆਂ ਹਨ ਕਿਉਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ  ਸੰਵਿਧਾਨਕ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਅਧਿਕਾਰੀਆਂ ਦੀ ਜਵਾਬਤਲਬੀ ਯਕੀਨੀ ਬਣਾਉਣ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਬੈਠੇ ਅੱਤਵਾਦੀ ਰਿੰਦਾ ਦਾ ਨਜ਼ਦੀਕੀ ਗੈਂਗਸਟਰ ਰਣਦੀਪ ਗ੍ਰਿਫ਼ਤਾਰ, ਵੱਡੀ ਸਾਜ਼ਿਸ਼ ਨੂੰ ਦੇਣਾ ਸੀ ਅੰਜਾਮ

ਐੱਨ. ਜੀ. ਟੀ. ਵੱਲੋਂ ਪੰਜਾਬ ਨੂੰ ਲਾਏ ਗਏ 2000 ਕਰੋੜ ਦੇ ਜੁਰਮਾਨੇ ਦਾ ਜ਼ਿਕਰ ਕਰਦਿਆ ਸੰਤ ਬਲਬੀਰ ਸਿੰਘ ਨੇ ਕਿਹਾ ਕਿ ਇਸ ਲਈ ਸੀਨੀਅਰ ਅਧਿਕਾਰੀ ਜ਼ਿੰਮੇਵਾਰ ਹਨ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਐੱਨ. ਜੀ. ਟੀ. ਵੱਲੋਂ ਬਣਾਈ ਨਿਗਰਾਨ ਕਮੇਟੀ ਦੇ ਮੈਂਬਰ ਹਨ ਤੇ ਇਸ ਕਮੇਟੀ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਹੀ ਪੰਜਾਬ ਨੂੰ ਇਹ ਜੁਰਮਾਨੇ ਲੱਗ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਜੇ ਅਫ਼ਸਰਾਂ ਨੇ 1974 ਦੇ ਵਾਟਰ ਐਕਟ ਨੂੰ ਲਾਗੂ ਕਰਵਾਉਣ ’ਚ ਆਪਣੀ ਭੂਮਿਕਾ ਨਿਭਾਈ ਹੁੰਦੀ ਤਾਂ ਇਸ ਜੁਰਮਾਨੇ ਤੋਂ ਬਚਿਆ ਜਾ ਸਕਦਾ ਸੀ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆ ਕਿਹਾ ਕਿ ਚਿੱਟੀ ਵੇਈਂ ਅਤੇ ਬੁੱਢੇ ਦਰਿਆ ’ਚ 200 ਕਿਊਸਿਕ ਪਾਣੀ ਛੁਡਵਾਉਣ ਲਈ ਸੰਜੀਦਗੀ ਨਾਲ ਕੰਮ ਕਰਨ ਤੇ ਇਸੇ ਤਰ੍ਹਾਂ ਕਾਲਾ ਸੰਘਿਆਂ ਡਰੇਨ ’ਚ ਵੀ ਅਲਾਵਲਪੁਰ ਤੋਂ ਸਾਫ ਪਾਣੀ ਛੱਡਿਆ ਜਾਵੇ।

ਪਵਿੱਤਰ ਕਾਲੀ ਵੇਈਂ ਪ੍ਰੋਜੈਕਟ ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਦੱਸਿਆ ਪਿਛਲੇ ਕਈ ਸਾਲਾਂ ਤੋਂ ਸਰਕਾਰ ਵੱਲੋਂ ਬਣਾਈ ਗਏ ਪਵਿੱਤਰ ਕਾਲੀ ਵੇਈਂ ਪ੍ਰੋਜੈਕਟ (ਹੋਲੀ ਵੇਈਂ ਪ੍ਰੋਜੈਕਟ) ’ਤੇ ਵੀ ਮੀਟਿੰਗ ਨਹੀਂ ਕੀਤੀ ਜਾ ਰਹੀ । ਇਸ ਵੱਲ ਧਿਆਨ ਦਿੰਦਿਆਂ ਜਲਦ ਇਸ ’ਤੇ ਮੀਟਿੰਗ ਸੱਦੀ ਜਾਵੇ। ਇਸ ਮੌਕੇ ਮੀਟਿੰਗ ਦੌਰਾਨ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਭਰੋਸਾ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਪੰਜਾਬ ਦੇ ਦਰਿਆ ਮੁੜ ਸਾਫ਼ ਤੇ ਨਿਰਮਲ ਵਗਣ। ਪੰਜਾਬ ਦਾ ਵਾਤਾਵਰਣ ਮੁੜ ਤੋਂ ਹਰਿਆ-ਭਰਿਆ ਤੇ ਸਾਫ-ਸੁਥਰਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੂਸ਼ਿਤ ਹੋ ਚੁੱਕੇ ਪਾਣੀਆਂ ਨੂੰ ਸਾਫ਼ ਕਰਨ ਦੇ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਇਕ ਚਣੌਤੀ ਵਜੋਂ ਲਵੇਗੀ ਤੇ ਇਸ ’ਤੇ ਗੰਭੀਰਤਾ ਨਾਲ ਕੰਮ ਵੀ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਜਲਦ ਹੀ ਵੇਈਂ ਪ੍ਰੋਜੈਕਟ ਦੀ ਵੀ ਉੱਚ ਪੱਧਰੀ ਮੀਟਿੰਗ ਸੱਦਣਗੇ।

Manoj

This news is Content Editor Manoj