ਮੁੱਖ ਸਕੱਤਰ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ -2023 ਦੀ ਸਫ਼ਲਤਾ ਯਕੀਨੀ ਬਣਾਉਣ ਲਈ ਮੰਗਿਆ ਸਹਿਯੋਗ

11/21/2022 9:19:01 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮੌਜੂਦਾ ਸਮੇਂ ਇੱਕ ਵਿਆਪਕ ਨਿਵੇਸ਼ ਪ੍ਰੋਤਸਾਹਨ ਆਊਟਰੀਚ ਪ੍ਰੋਗਰਾਮ ਚਲਾ ਰਹੀ ਹੈ, ਜਿਸ 'ਚ ਭਾਰਤ ਅਤੇ ਦੁਨੀਆ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸਮਾਗਮ ਅਤੇ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਹਨ। ਇਸ ਉਪਰਾਲੇ ਨੂੰ ਜਾਰੀ ਰੱਖਦਿਆਂ ਅੱਜ ਚੰਡੀਗੜ੍ਹ ਵਿਖੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਦਲੀਪ ਕੁਮਾਰ ਅਤੇ ਸੀ.ਈ.ਓ. ਨਿਵੇਸ਼ ਪੰਜਾਬ ਕੇ.ਕੇ. ਯਾਦਵ ਨੇ ਪ੍ਰਗਤੀਸ਼ੀਲ ਪੰਜਾਬ ਦੇ ਆਗਾਮੀ 5ਵੇਂ ਐਡੀਸ਼ਨ ਦੇ ਵੱਖ-ਵੱਖ ਰੂਪਾਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਅਤੇ 23 ਤੇ 24 ਫਰਵਰੀ 2023 ਨੂੰ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਦੀਆਂ ਤਿਆਰੀਆਂ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਦੀਆਂ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦੇ ਗਠਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕੀ ਸਕੱਤਰ ਅਤੇ ਮੁਖੀ ਸ਼ਾਮਲ ਹੋਏ।

ਜ਼ਿਕਰਯੋਗ ਹੈ ਕਿ ਸਤੰਬਰ 2022 ਵਿੱਚ ਨਿਵੇਸ਼ ਪੰਜਾਬ ਵੱਲੋਂ ਕਰਵਾਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਲਈ ਇੱਕ ਨਿਵੇਸ਼ ਸੰਮੇਲਨ ਦੀ ਕਲਪਨਾ ਕੀਤੀ ਸੀ ਜੋ ਸੂਬੇ ਦੇ ਸੰਪੂਰਨ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ 'ਤੇ ਲੈ ਜਾਣ ਲਈ ਅਹਿਮ ਮੰਚ ਵਜੋਂ ਕੰਮ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਭਾਰਤ ਅਤੇ ਵਿਸ਼ਵ ਭਰ ਵਿੱਚ ਨਿਵੇਸ਼ ਦੇ ਤਰਜੀਹੀ ਸਥਾਨ ਵਜੋਂ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ।

ਅੱਜ ਮੀਟਿੰਗ ਵਿੱਚ ਸੰਮੇਲਨ ਦੇ ਏਜੰਡੇ, ਥੀਮ, ਰੂਪ-ਰੇਖਾ, ਗਤੀਵਿਧੀਆਂ ਦੀ ਸਮਾਂਰੇਖਾ, ਪ੍ਰਸਤਾਵਿਤ ਪ੍ਰਦਰਸ਼ਨੀਆਂ ਅਤੇ ਸੈਸ਼ਨਾਂ ਅਤੇ ਸਮਾਗਮ ਦੀਆਂ ਸਮੁੱਚੀਆਂ ਤਿਆਰੀਆਂ ਬਾਰੇ ਵਿਆਪਕ ਚਰਚਾ ਅਤੇ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਸੰਮੇਲਨ ਦੇ ਸੰਗਠਨ ਨਾਲ ਸਬੰਧਤ ਤਿਆਰੀ ਕਰਨ ਵਾਲੀਆਂ ਕਮੇਟੀਆਂ ਦੀ ਬਣਤਰ ਨੂੰ ਅੰਤਿਮ ਰੂਪ ਦਿੱਤਾ ਗਿਆ ਜੋ ਵੱਖ-ਵੱਖ ਭਾਈਵਾਲਾਂ ਦੀ ਸ਼ਮੂਲੀਅਤ ਵਾਲੇ ਪਲੇਟਫਾਰਮ ਵਜੋਂ ਵੀ ਕੰਮ ਕਰੇਗੀ ਅਤੇ ਪੰਜਾਬ ਦੀ ਆਰਥਿਕ ਵਿਕਾਸ ਲਈ ਮਹੱਤਵਪੂਰਨ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕਰੇਗੀ।

ਵਿਦੇਸ਼ੀ ਅਤੇ ਸਥਾਨਕ ਕੰਪਨੀਆਂ ਨੂੰ ਨਿਵੇਸ਼ ਲਈ ਖਿੱਚਣ ਤੋਂ ਇਲਾਵਾ, ਸੰਮੇਲਨ ਦਾ ਮੁੱਖ ਉਦੇਸ਼ ਪੰਜਾਬ ਦੇ ਵਿਕਾਸ ਲਈ ਰੂਪ-ਰੇਖਾ ਤਿਆਰ ਕਰਨ ਵਾਸਤੇ ਪ੍ਰਸਿੱਧ ਕਾਰੋਬਾਰੀ ਉੱਦਮੀਆਂ, ਨਿਵੇਸ਼ਕਾਂ ਅਤੇ ਵਿਚਾਰਕਾਂ ਦੇ ਮਾਹਿਰ ਸਮੂਹਾਂ ਨੂੰ ਇਕੱਤਰ ਕਰਨਾ ਹੈ। ਸੰਮੇਲਨ ਦੇ ਏਜੰਡੇ ਵਿੱਚ ਪ੍ਰਦਰਸ਼ਨੀਆਂ ਰਾਹੀਂ ਪੰਜਾਬ ਦੀ ਉਦਯੋਗ ਸ਼ਕਤੀਆਂ ਨੂੰ ਉਜਾਗਰ ਕਰਨਾ ਵੀ ਸ਼ਾਮਲ ਹੈ। ਇਸ ਸਮਾਗਮ ਵਿੱਚ ਸੈਕਟਰਲ ਅਤੇ ਕੰਟਰੀ ਸੈਸ਼ਨ ਖਿੱਚ ਦਾ ਮੁੱਖ ਕੇਂਦਰ ਹੋਣਗੇ।

ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਨਿਵੇਸ਼ ਪ੍ਰੋਤਸਾਹਨ ਵਿਭਾਗ ਅਤੇ ਨਿਵੇਸ਼ ਪੰਜਾਬ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਵੱਡੇ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਸੂਬੇ ਸਾਰੇ ਵਿਭਾਗਾਂ ਦੇ ਪੂਰਨ ਸਹਿਯੋਗ ਦੇਣ ਲਈ ਕਿਹਾ। ਮੀਟਿੰਗ ਦੀ ਸਮਾਪਤੀ ਕਰਦਿਆਂ ਮੁੱਖ ਸਕੱਤਰ ਨੇ ਪੰਜਾਬ ਨੂੰ ਖੁਸ਼ਹਾਲੀ ਅਤੇ ਉਦਯੋਗਿਕ ਵਿਕਾਸ ਦੇ ਨਵੇਂ ਯੁੱਗ ਵੱਲ ਲਿਜਾਣ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਦਲੀਪ ਕੁਮਾਰ, ਪ੍ਰਮੁੱਖ ਸਕੱਤਰ ਸੂਚਨਾ ਤੇ ਲੋਕ ਸੰਪਰਕ ਰਾਹੁਲ ਭੰਡਾਰੀ, ਸਕੱਤਰ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ ਗੁਰਕੀਰਤ ਕਿਰਪਾਲ ਸਿੰਘ, ਸੀ.ਈ.ਓ. ਨਿਵੇਸ਼ ਪ੍ਰੋਤਸਾਹਨ ਕੇ.ਕੇ. ਯਾਦਵ, ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਅਤੇ ਡਾਇਰੈਕਟਰ ਇੰਡਸਟਰੀਜ਼ ਐਂਡ ਕਾਮਰਸ ਸਿਬਿਨ ਸੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਐਮ.ਡੀ. ਪੰਜਾਬ ਐਗਰੋ ਮਨਜੀਤ ਸਿੰਘ ਬਰਾੜ, ਵਿਨੈ ਬੁਬਲਾਨੀ, ਡੀ.ਸੀ. ਐਸ.ਏ.ਐਸ. ਨਗਰ ਅਮਿਤ ਤਲਵਾੜ ਅਤੇ ਐਸ.ਐਸ.ਪੀ. ਐਸ.ਏ.ਐਸ. ਨਗਰ ਡਾ. ਸੰਦੀਪ ਗਰਗ ਸ਼ਾਮਲ ਸਨ।

Mandeep Singh

This news is Content Editor Mandeep Singh