ਈ. ਟੀ. ਯੂ. ਪੰਜਾਬ ਦੀ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੇ ਓ. ਐੱਸ. ਡੀ. ਨਾਲ ਮੀਟਿੰਗ

10/07/2017 10:45:55 AM

ਅੰਮ੍ਰਿਤਸਰ (ਬਿਊਰੋ)- ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਐਲੀਮੈਂਟਰੀ ਟੀਚਰਜ਼ ਯੂਨੀਅਨ ਨੂੰ ਐੱਸ. ਐੱਸ. ਪੀ. ਦਫਤਰ ਰਾਹੀਂ ਏ. ਐੱਸ. ਪੀ. (ਆਈ. ਪੀ. ਐੱਸ.) ਵਰੁਣ ਸ਼ਰਮਾ ਰਾਹੀਂ ਮਿਲੇ ਸੰਦੇਸ਼ ਤਹਿਤ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਹੇਠਲੇ ਵਫ਼ਦ ਦੀ ਇਕ ਵਿਸ਼ੇਸ਼ ਮੀਟਿੰਗ ਸਿੱਖਿਆ ਮੰਤਰੀ ਅਰੁਣਾ ਚੌਧਰੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਦੀਨਾਨਗਰ ਵਿਖੇ ਹੋਈ।
ਪ੍ਰਧਾਨ ਪੰਨੂ ਨੇ ਦੱਸਿਆ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਨਾਲ ਹੋਈ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਪ੍ਰਾਇਮਰੀ/ਐਲੀਮੈਂਟਰੀ ਅਧਿਆਪਕਾਂ ਦੇ ਭਖਦੇ ਮਸਲਿਆਂ 'ਤੇ ਵਿਚਾਰ ਕਰਦਿਆਂ ਇਨ੍ਹਾਂ ਮਸਲਿਆਂ ਦੇ ਹੱਲ ਲਈ 24 ਅਕਤੂਬਰ ਨੂੰ ਪੈਨਲ ਮੀਟਿੰਗ ਕਰਨ ਦਾ ਫੈਸਲਾ ਲੈਂਦਿਆਂ ਮੌਕੇ 'ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇਸ ਸਬੰਧੀ ਫੋਨ 'ਤੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਗੁਰਦਾਸਪੁਰ ਵਿਖੇ ਮੁੱਖ ਮੰਤਰੀ ਪੰਜਾਬ ਦੇ ਓ. ਐੱਸ. ਡੀ. ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਯੂਨੀਅਨ ਦੇ ਵਫਦ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਕੈਬਨਿਟ ਸਬ-ਕਮੇਟੀ ਨਾਲ ਵੀ ਜਥੇਬੰਦੀ ਦੀ 13 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਮੀਟਿੰਗ ਫਿਕਸ ਕਰਦਿਆਂ ਪ੍ਰਾਇਮਰੀ/ਐਲੀਮੈਂਟਰੀ ਅਧਿਆਪਕਾਂ ਦੇ ਅਹਿਮ ਮਸਲੇ ਹੱਲ ਕਰਵਾਉਣ ਦਾ ਪੂਰਨ ਭਰੋਸਾ ਦਿੱਤਾ ਗਿਆ। ਪੰਨੂ ਨੇ ਦੱਸਿਆ ਕਿ ਸਿੱਖਿਆ ਮੰਤਰੀ ਤੇ ਓ. ਐੱਸ. ਡੀ. ਵੱਲੋਂ ਮੰਗਾਂ ਦੇ ਹੱਲ ਦੇ ਮਿਲੇ ਭਰੋਸੇ ਸਦਕਾ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ 8 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਕੀਤਾ ਜਾਣ ਵਾਲਾ ਰੋਸ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ। ਮੀਟਿੰਗ ਦੌਰਾਨ ਈ. ਟੀ. ਯੂ. ਪੰਜਾਬ ਦੇ ਸੂਬਾਈ ਉਪ ਪ੍ਰਧਾਨ ਨਰੇਸ਼ ਪਨਿਆੜ, ਸੀਨੀਅਰ ਮੀਤ ਪ੍ਰਧਾਨ ਸੁਧੀਰ ਢੰਡ, ਲਖਵਿੰਦਰ ਸਿੰਘ ਸੇਖੋਂ, ਮਲਕੀਤ ਸਿੰਘ ਕਾਹਨੂੰਵਾਨ, ਅਸ਼ਵਨੀ ਫੱਜੂਪੁਰ, ਪੰਕਜ ਅਰੋੜਾ, ਗੁਰਿੰਦਰ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ ਵੇਰਕਾ, ਗੁਰਪ੍ਰੀਤ ਸਿੰਘ ਵੇਰਕਾ ਤੇ ਹੋਰ ਆਗੂ ਮੌਜੂਦ ਸਨ।