ਪੁਲਸ ਦੀ ਕੁੱਟ-ਮਾਰ ਦਾ ਸ਼ਿਕਾਰ ਵਿਦਿਆਰਥਣਾਂ ਦਾ ਹਾਲ ਪੁੱਛਣ ਲਈ ਪਹੁੰਚੇ ਵਿਧਾਇਕ ਸੰਧਵਾਂ

02/03/2018 7:47:49 AM

ਫ਼ਰੀਦਕੋਟ (ਹਾਲੀ) - ਜੈਤੋ ਵਿਖੇ ਵਾਪਰੀ ਡੀ. ਐੱਸ. ਪੀ. ਖੁਦਕੁਸ਼ੀ ਕਾਂਡ ਦੀ ਘਟਨਾ ਦੌਰਾਨ ਜੈਤੋ ਪੁਲਸ ਵੱਲੋਂ ਕਥਿਤ ਤੌਰ 'ਤੇ ਹਿਰਾਸਤ 'ਚ ਲਈਆਂ ਗਈਆਂ ਵਿਦਿਆਰਥਣਾਂ ਦੀ ਕੀਤੀ ਕੁੱਟਮਾਰ ਤੋਂ ਬਾਅਦ ਉਨ੍ਹਾਂ ਨੂੰ ਇਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ 'ਚ ਦਾਖਲ ਇਨ੍ਹਾਂ ਵਿਦਿਆਰਥਣਾਂ ਦਾ ਹਾਲ ਪੁੱਛਣ ਲਈ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਹਸਪਤਾਲ 'ਚ ਪਹੁੰਚੇ। ਇਸ ਤੋਂ ਇਲਾਵਾ ਇਸ ਸਬੰਧੀ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਜ਼ਿਲਾ ਪੁਲਸ ਮੁਖੀ ਨੂੰ ਕਸੂਰਵਾਰ ਪੁਲਸ ਅਧਿਕਾਰੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਪੀ. ਐੱਸ. ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਬੀ. ਕੇ. ਯੂ. ਕ੍ਰਾਂਤੀਕਾਰੀ ਦੇ ਆਗੂ ਸਿਕੰਦਰ ਸਿੰਘ ਦਬੜੀਖਾਨਾ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕਮਲਜੀਤ ਖੰਨਾ ਨੇ ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਨੂੰ ਮਿਲ ਕੇ ਸਾਂਝਾ ਪੱਤਰ ਦਿੰਦੇ ਹੋਏ ਕਿਹਾ ਕਿ 12 ਜਨਵਰੀ ਨੂੰ ਯੂਨੀਵਰਸਿਟੀ ਕਾਲਜ ਦੀ ਇਕ ਵਿਦਿਆਰਥਣ ਅਤੇ ਦੋ ਵਿਦਿਆਰਥੀਆਂ ਨੂੰ ਕਾਲਜ ਤੋਂ ਵਾਪਸ ਪਰਤਦਿਆਂ ਜੈਤੋ ਦੇ ਬੱਸ ਸਟੈਂਡ 'ਤੇ ਐੱਸ. ਐੱਚ. ਓ. ਜੈਤੋ ਵੱਲੋਂ ਬੇਇੱਜ਼ਤ ਕਰਦਿਆਂ ਉਨ੍ਹਾਂ ਨੂੰ ਕਥਿਤ ਤੌਰ 'ਤੇ ਹਿਰਾਸਤ 'ਚ ਲੈਂਦੇ ਹੋਏ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਸੀ।